ਯੂਰਪ ''ਚ ਟੀਕਾਕਰਨ ਸ਼ੁਰੂ ਹੋਣ ਵਿਚਕਾਰ ਖ਼ੁਦ ਨੂੰ ਅਲੱਗ-ਥਲੱਗ ਮਹਿਸੂਸ ਕਰ ਰਹੇ ਬਾਲਕਨ ਦੇਸ਼
Thursday, Jan 07, 2021 - 09:03 PM (IST)
ਸਾਰਾਜੇਵੋ- ਯੂਰਪੀ ਸੰਘ ਦੇ ਵੱਖ-ਵੱਖ ਦੇਸ਼ਾਂ ਵਿਚ ਪਿਛਲੇ ਮਹੀਨੇ ਤੋਂ ਜਿੱਥੇ ਹਜ਼ਾਰਾਂ ਲੋਕ ਕੋਰੋਨਾ ਵਾਇਰਸ ਦੇ ਟੀਕੇ ਨੂੰ ਲਗਵਾਉਣ ਲਈ ਉਤਸ਼ਾਹਿਤ ਹਨ, ਉੱਥੇ ਹੀ ਮਹਾਦੇਸ਼ ਦਾ ਇਕ ਖੇਤਰ (ਬਾਲਕਨ) ਆਪਣੇ ਆਪ ਨੂੰ ਅਲੱਗ-ਥਲੱਗ ਮਹਿਸੂਸ ਕਰ ਰਿਹਾ ਹੈ। ਬਾਲਕਨ ਖੇਤਰ ਦੇ ਦੇਸ਼ਾਂ ਨੂੰ ਕੋਵਿਡ-19 ਟੀਕਿਆਂ ਤੱਕ ਪਹੁੰਚ ਲਈ ਸਖ਼ਤ ਸੰਘਰਸ਼ ਕਰਨਾ ਪੈ ਰਿਹਾ ਹੈ। ਇਨ੍ਹਾਂ ਦੇਸ਼ਾਂ ਵਿਚ ਰਾਸ਼ਟਰੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਲਈ ਕੋਈ ਠੋਸ ਸਮਾਂ ਮਿਆਦ ਨਹੀਂ ਦਿਖਾਈ ਦੇ ਰਹੀ।
ਮੌਜੂਦਾ ਸਥਿਤੀ ਤੋਂ ਹੀ ਸਪੱਸ਼ਟ ਹੈ ਕਿ ਅਲਬਾਨੀਆ, ਬੋਸਨੀਆ, ਕੋਸੋਵੋ, ਮੋਂਟੇਨਗਰੋ, ਉੱਤਰੀ ਮੈਸੇਡੋਨੀਆ ਅਤੇ ਸਰਬੀਆ ਕੋਰੋਨਾ ਵਾਇਰਸ ਟੀਕਾਕਰਨ ਮਾਮਲੇ ਵਿਚ ਯੂਰਪੀ ਸੰਘ ਦੇ 27 ਦੇਸ਼ਾਂ ਅਤੇ ਬ੍ਰਿਟੇਨ ਤੋਂ ਬਹੁਤ ਪਿੱਛੇ ਰਹਿ ਜਾਣਗੇ। ਇਨ੍ਹਾਂ ਦੇਸ਼ਾਂ ਵਿਚ ਤਕਰੀਬਨ 2 ਕਰੋੜ ਲੋਕ ਰਹਿੰਦੇ ਹਨ। ਉੱਤਰੀ ਮੈਸੇਡੋਨੀਆ ਦੇ ਮਹਾਮਾਰੀ ਮਾਹਿਰ ਡ੍ਰੈਗਨ ਡੈਨੀਲੋਵਸਕੀ ਨੇ ਇਨ੍ਹਾਂ ਦੇਸ਼ਾਂ ਦੀ ਮੌਜੂਦਾ ਟੀਕਾ ਸਥਿਤੀ ਦੀ ਤੁਲਨਾ 1911 ਦੇ ਟਾਈਟੈਨਿਕ ਜਹਾਜ਼ ਦੇ ਡੁੱਬਣ ਦੌਰਾਨ ਦੇਖੀ ਗਈ ਅਸਮਾਨਤਾ ਨਾਲ ਕੀਤੀ। ਉਨ੍ਹਾਂ ਨੇ ਇਕ ਟੀ. ਵੀ. ਚੈਨਲ ਨੂੰ ਕਿਹਾ, "ਅਮੀਰਾਂ ਨੇ ਸਾਰੇ ਉਪਲੱਬਧ ਲਾਈਫਬੋਟ ਲੈ ਲਏ ਅਤੇ ਗਰੀਬਾਂ ਨੂੰ ਇੰਝ ਹੀ ਛੱਡ ਦਿੱਤਾ ਗਿਆ।"
ਪੂਰੀ ਦੁਨੀਆ ਜਦ ਸਦੀ ਦੇ ਸਭ ਤੋਂ ਗੰਭੀਰ ਸਿਹਤ ਸੰਕਟ ਦਾ ਸਾਹਮਣਾ ਕਰ ਰਹੀ ਹੈ, ਇਨ੍ਹਾਂ ਦੇਸ਼ਾਂ ਵਿਚ ਨਿਰਾਸ਼ਾ ਹੈ। ਇਸ ਖੇਤਰ ਦੇ ਦੇਸ਼ ਈ. ਯੂ. ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਪਰ ਉਹ ਹੁਣ ਤੱਕ ਸੰਗਠਨ ਦਾ ਹਿੱਸਾ ਨਹੀਂ ਬਣ ਸਕੇ। ਇਹ ਖੇਤਰ ਪੱਛਮੀ ਅਤੇ ਰੂਸੀ ਪ੍ਰਭਾਵ ਵਿਚਕਾਰ ਫਸਿਆ ਲੱਗਦਾ ਹੈ।
ਕਈ ਬਾਲਕਨ ਦੇਸ਼ਾਂ ਨੂੰ ਵਿਸ਼ਵ ਸਿਹਤ ਸੰਗਠਨ ਤੇ ਵਿਸ਼ਵ ਚੈਰਿਟੀ ਸਮੂਹਾਂ ਵਲੋਂ ਸਥਾਪਤ ਟੀਕਾ ਖਰੀਦ ਏਜੰਸੀ ਕੋਵੈਕਸ ਤੋਂ ਉਮੀਦਾਂ ਹਨ ਜੋ ਟੀਕਾ ਵੰਡਣ ਦੌਰਾਨ ਹੋ ਰਹੇ ਫਰਕ ਨੂੰ ਦੂਰ ਕਰ ਲਈ ਹਨ। ਕੋਵੈਕਸ ਨੇ ਕਈ ਪ੍ਰਸਤਾਵਿਤ ਟੀਕਿਆਂ ਲਈ ਕਰਾਰ ਕੀਤੇ ਹਨ ਪਰ ਇਹ ਸ਼ੁਰੂਆਤ ਵਿਚ ਕਿਸੇ ਦੇਸ਼ ਦੀ 20 ਫ਼ੀਸਦੀ ਆਬਾਦੀ ਨੂੰ ਹੀ ਉਪਲੱਬਧ ਕਰਵਾ ਸਕੇਗਾ।