ਬੁਰੇ ਫਸੇ ਇਮਰਾਨ ਖਾਨ, ਪਤਨੀ ਬੁਸ਼ਰਾ ਦੇ ਬੇਟੇ ਖ਼ਿਲਾਫ਼ FIR ਦਰਜ, ਜਾਣੋ ਵਜ੍ਹਾ
Tuesday, Feb 22, 2022 - 02:44 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੀ ਪਤਨੀ ਬੁਸ਼ਰਾ ਬੀਬੀ ਦੇ ਬੇਟੇ ਨੂੰ ਲੈ ਕੇ ਮੁਸ਼ਕਲਾਂ 'ਚ ਘਿਰ ਗਏ ਹਨ। ਇਕ ਪਾਸੇ ਜਿੱਥੇ ਇਮਰਾਨ ਖਾਨ ਦੇ ਵਿਆਹ ਦੇ ਟੁੱਟਣ ਦੀਆਂ ਅਟਕਲਾਂ ਜ਼ੋਰਾਂ 'ਤੇ ਹਨ, ਉਥੇ ਹੀ ਹੁਣ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦਾ ਬੇਟਾ ਮੁਹੰਮਦ ਮੂਸਾ ਮਾਨੇਕਾ ਸ਼ਰਾਬ ਮਾਮਲੇ ਦੀ ਲਪੇਟ 'ਚ ਆ ਗਿਆ ਹੈ। ਪਾਕਿਸਤਾਨ ਪੁਲਸ ਨੇ ਬੁਸ਼ਰਾ ਬੀਬੀ ਦੇ ਛੋਟੇ ਬੇਟੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਇੱਥੇ ਦੱਸ ਦਈਏ ਕਿ ਬੁਸ਼ਰਾ ਬੀਬੀ ਦਾ ਇਹ ਬੇਟਾ ਉਸ ਦੇ ਪਹਿਲੇ ਵਿਆਹ ਤੋਂ ਪੈਦਾ ਹੋਇਆ ਹੈ।
ਪੁਲਸ ਨੇ ਬੁਸ਼ਰਾ ਬੀਬੀ ਦੇ ਬੇਟੇ ਤੋਂ ਇਲਾਵਾ ਉਹਨਾਂ ਦੇ ਇੱਕ ਰਿਸ਼ਤੇਦਾਰ ਅਤੇ ਇੱਕ ਦੋਸਤ ਖ਼ਿਲਾਫ਼ ਵੀ ਐਫਆਈਆਰ ਦਰਜ ਕੀਤੀ ਹੈ। ਉਨ੍ਹਾਂ 'ਤੇ ਕਾਰ ਦੇ ਅੰਦਰ ਸ਼ਰਾਬ ਰੱਖਣ ਦਾ ਦੋਸ਼ ਹੈ। ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਮੁਹੰਮਦ ਮੂਸਾ ਮਾਨੇਕਾ, ਰਿਸ਼ਤੇਦਾਰ ਮੁਹੰਮਦ ਅਹਿਮਦ ਮਾਨੇਕਾ (ਨਵਾਜ਼ ਸ਼ਰੀਫ਼ ਦੀ ਪਾਰਟੀ ਦੇ ਸੰਸਦ ਮੈਂਬਰ ਦਾ ਪੁੱਤਰ) ਅਤੇ ਇੱਕ ਦੋਸਤ ਅਹਿਮਦ ਸ਼ਹਿਰਯਾਰ ਤੋਂ ਸ਼ਰਾਬ ਬਰਾਮਦ ਕੀਤੀ ਗਈ।ਇਹਨਾਂ ਲੋਕਾਂ ਨੂੰ ਪੁਲਸ ਦੇ ਨਾਕੇ ਨੂੰ ਪਾਰ ਕਰਦੇ ਹੋਏ ਸ਼ਰਾਬ ਲੈ ਕੇ ਜਾਂਦੇ ਹੋਏ ਫੜਿਆ ਗਿਆ। ਹਸਪਤਾਲ 'ਚ ਜਾਂਚ ਦੌਰਾਨ ਸ਼ਹਿਰਯਾਰ ਸ਼ਰਾਬ ਦੇ ਨਸ਼ੇ 'ਚ ਪਾਇਆ ਗਿਆ। ਮੂਸਾ ਅਤੇ ਅਹਿਮਦ ਨੂੰ ਬਾਅਦ ਵਿੱਚ ਮਾਨੇਕਾ ਪਰਿਵਾਰ ਦੁਆਰਾ ਦਿੱਤੀ ਗਈ ਨਿੱਜੀ ਗਾਰੰਟੀ ਦੇ ਆਧਾਰ 'ਤੇ ਰਿਹਾਅ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਫੜੇ ਜਾਣ ਦੌਰਾਨ ਦੋਵਾਂ ਨੇ ਸ਼ਰਾਬ ਨਹੀਂ ਪੀਤੀ ਸੀ। ਸ਼ਹਿਰਯਾਰ ਨੂੰ ਅਦਾਲਤ ਤੋਂ ਜ਼ਮਾਨਤ ਦੀ ਮੰਗ ਕਰਨੀ ਪਈ।
ਪੜ੍ਹੋ ਇਹ ਅਹਿਮ ਖ਼ਬਰ- ਸ਼੍ਰੀਲੰਕਾ ਨੇ ਬ੍ਰਿਟੇਨ ਨੂੰ ਵਾਪਸ ਭੇਜਿਆ 3 ਸਾਲ ਪੁਰਾਣਾ 3000 ਟਨ ਕਚਰਾ
ਇੱਥੇ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਇਮਰਾਨ ਖਾਨ ਨੂੰ ਸੰਸਦ ਦੇ ਨਾਲ-ਨਾਲ ਘਰ 'ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਵਿਚਾਲੇ ਦਰਾਰ ਚੱਲ ਰਹੀ ਹੈ। ਇਸ ਕਾਰਨ ਬੁਸ਼ਰਾ ਬੀਬੀ ਦੇ ਇਸਲਾਮਾਬਾਦ ਸਥਿਤ ਇਮਰਾਨ ਖਾਨ ਦਾ ਮਹਿਲ ਵਾਲਾ ਘਰ ਛੱਡ ਕੇ ਲਾਹੌਰ ਜਾਣ ਦੀ ਚਰਚਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬੁਸ਼ਰਾ ਬੀਬੀ ਲਾਹੌਰ 'ਚ ਆਪਣੀ ਦੋਸਤ ਸਾਨੀਆ ਸ਼ਾਹ ਨਾਲ ਰਹਿ ਰਹੀ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਬੁਸ਼ਰਾ ਬੀਬੀ ਦੇ ਜਾਣ ਤੋਂ ਬਾਅਦ ਇਮਰਾਨ ਨੇ ਆਪਣੇ ਘਰ ਦੇ ਸਾਰੇ ਨਿੱਜੀ ਸਟਾਫ ਨੂੰ ਵੀ ਬਦਲ ਦਿੱਤਾ ਹੈ।ਅਜਿਹਾ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦੀ ਹੀ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਆਪਣੇ ਵੱਖ ਹੋਣ ਦਾ ਰਸਮੀ ਐਲਾਨ ਕਰ ਸਕਦੇ ਹਨ।
ਸੰਸਦ ਵਿਚ ਇਮਰਾਨ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ਲਿਆਉਣ ਦਾ ਐਲਾਨ
ਦੂਜੇ ਪਾਸੇ ਵਿਰੋਧੀ ਪਾਰਟੀਆਂ ਦੇ ਗੱਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਅਲਾਇੰਸ ਨੇ ਸੰਸਦ 'ਚ ਇਮਰਾਨ ਖਾਨ ਖਿਲਾਫ ਬੇਭਰੋਸਗੀ ਮਤਾ ਲਿਆਉਣ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਵਿਰੋਧੀ ਪਾਰਟੀਆਂ ਵੱਲੋਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁਖੀ ਅਤੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰਨ ਦੀਆਂ ਅਟਕਲਾਂ ਵੀ ਲਾਈਆਂ ਜਾ ਰਹੀਆਂ ਹਨ।