ਸਟੀਲ ਦੇ ਭਾਂਡਿਆਂ ''ਤੇ ਆਲਿਵ ਆਇਲ ਦੀ ਪਰਤ ਚੜ੍ਹਾ ਕੇ ਬੈਕਟੀਰੀਆ ਨੂੰ ਰੋਕਿਆ ਜਾ ਸਕਦੈ

Saturday, Jul 28, 2018 - 11:46 PM (IST)

ਟੋਰਾਂਟੋ— ਤੁਸੀਂ ਸੋਚਦੇ ਹੋ ਕਿ ਤੁਹਾਡੀ ਰਸੋਈ ਦੇ ਬਰਤਨ ਸਾਫ ਕਰਨ ਲਈ ਡਿਸ਼ ਵਾਸ਼/ਸਾਬਣ ਹੀ ਕਾਫੀ ਹੈ? ਜੇ ਹਾਂ ਤਾਂ ਤੁਸੀਂ ਗਲਤ ਹੋ। ਤੁਹਾਨੂੰ ਆਪਣੇ ਭਾਂਡਿਆਂ ਨੂੰ ਬੈਕਟੀਰੀਆ ਮੁਕਤ ਰੱਖਣ ਲਈ ਆਲਿਵ ਆਇਲ ਦੀ ਲੋੜ ਹੈ। ਜੀ ਹਾਂ, ਇਹ ਬਿਲਕੁਲ ਸਹੀ ਹੈ। ਰਸਾਲੇ ਏ. ਸੀ. ਐੱਸ. ਅਪਲਾਈਡ ਮਟੀਰੀਅਲ ਅਤੇ ਇੰਟਰਫੇਸਸ ਵਿਚ ਪ੍ਰਕਾਸ਼ਿਤ ਸਟੱਡੀ ਮੁਤਾਬਕ ਕੁਕਿੰਗ ਆਇਲ ਜਿਵੇਂ ਆਲਿਵ ਆਇਲ ਤੁਹਾਡੇ ਡਿਸ਼ ਵਾਸ਼/ਸਾਬਣ ਅਤੇ ਸਰਫ ਤੋਂ ਵਧੀਆ ਬਦਲ ਹੋ ਸਕਦਾ ਹੈ। ਆਲਿਵ ਆਇਲ ਦੀ ਭਾਂਡਿਆਂ 'ਤੇ ਕੀਤੀ ਗਈ ਪਤਲੀ ਕੋਟਿੰਗ ਛੋਟੇ-ਛੋਟੇ ਕ੍ਰੈਕ ਨੂੰ ਭਰ ਦਿੰਦੀ ਹੈ, ਜਿਸ ਨਾਲ ਬੈਕਟੀਰੀਆ ਪੈਦਾ ਹੋਣ ਦਾ ਖਤਰਾ ਘਟ ਜਾਂਦਾ ਹੈ।
ਜਦੋਂ ਤੁਸੀਂ ਆਪਣੇ ਭਾਂਡਿਆਂ ਨੂੰ ਰੋਜ਼ ਧੋਂਦੇ ਅਤੇ ਸਾਫ ਕਰਕੇ ਵਰਤਦੇ ਹੋ ਤਾਂ ਉਹ ਹੌਲੀ-ਹੌਲੀ ਘਸ ਜਾਂਦੇ ਹਨ ਅਤੇ ਉਨ੍ਹਾਂ ਵਿਚ ਬਰੀਕ-ਬਰੀਕ ਕ੍ਰੈਕ ਪੈ ਜਾਂਦੇ ਹਨ, ਜਿਸ ਨਾਲ ਬੈਕਟੀਰੀਆ ਨੂੰ ਲੁਕਣ ਲਈ ਥਾਂ ਮਿਲ ਜਾਂਦੀ ਹੈ। ਇਹ ਬੈਕਟੀਰੀਆ ਬਹੁਤ ਹੀ ਬਰੀਕ ਸਾਈਜ਼ ਦੇ ਹੁੰਦੇ ਹਨ।
ਭਾਂਡਿਆਂ 'ਤੇ ਆਲਿਵ ਆਇਲ ਦੀ ਪਤਲੀ ਪਰਤ ਚੜ੍ਹਾ ਕੇ ਇਨ੍ਹਾਂ ਬੈਕਟੀਰੀਆ ਤੋਂ ਬਚਿਆ ਜਾ ਸਕਦਾ ਹੈ। ਟੋਰਾਂਟੋ ਦੀ ਓਂਟਾਰੀਓ ਯੂਨੀਵਰਸਿਟੀ ਦੇ ਪ੍ਰੋਫੈਸਰ ਬੇਨ ਹੈਟਨ ਨੇ ਕਿਹਾ ਕਿ ਜਦੋਂ ਭਾਂਡਿਆਂ 'ਤੇ ਆਲਿਵ ਆਇਲ ਦੀ ਪਤਲੀ ਪਰਤ ਚੜ੍ਹ ਜਾਵੇਗੀ ਤਾਂ ਬੈਕਟੀਰੀਆ ਦੇ ਲੁਕਣ ਦੀ ਥਾਂ ਨਹੀਂ ਰਹੇਗੀ, ਜਿਸ ਨਾਲ ਤੁਹਾਡੀ ਸਿਹਤ ਤੰਦਰੁਸਤ ਰਹੇਗੀ।


Related News