ਕੈਨੇਡਾ : ਗੱਡੀ ਨੂੰ ਕ੍ਰਿਸਮਿਸ ਟ੍ਰੀ ਵਾਂਗ ਸਜਾਉਣਾ ਪਿਆ ਮਹਿੰਗਾ, ਪੁਲਸ ਨੇ ਠੋਕਿਆ ਜੁਰਮਾਨਾ
Friday, Dec 04, 2020 - 12:56 PM (IST)
ਵੈਨਕੁਵਰ- ਕੈਨੇਡਾ ਵਿਚ ਬਰਨਬੀ ਮਾਊਂਟੀਜ਼ ਪੁਲਸ ਨੇ ਮੰਗਲਵਾਰ ਨੂੰ ਇਕ ਵਿਅਕਤੀ ਨੂੰ ਜੁਰਮਾਨਾ ਠੋਕਿਆ ਹੈ, ਜਿਸ ਨੇ ਆਪਣੀ ਗੱਡੀ ਨੂੰ ਕ੍ਰਿਸਮਿਸ ਟ੍ਰੀ ਵਾਂਗ ਸਜਾਇਆ ਸੀ। ਉਸ ਨੇ ਗੱਡੀ ਨੂੰ ਰੰਗ-ਬਰੰਗੀਆਂ ਲਾਈਟਾਂ ਨਾਲ ਢੱਕਿਆ ਹੋਇਆ ਸੀ। ਨਿੱਕੇ-ਨਿੱਕੇ ਬਲਬਾਂ ਨਾਲ ਗੱਡੀ ਨੂੰ ਸਜਾਇਆ ਹੋਇਆ ਸੀ। ਬਰਨਬੀ ਪੁਲਸ ਨੇ ਟਵੀਟ ਕਰਕੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਅਜਿਹਾ ਨਾ ਕਰਨ। ਇਸ ਕਾਰਨ ਵਾਹਨ ਚਲਾਉਣ ਵਾਲਿਆਂ ਦਾ ਧਿਆਨ ਭਟਕ ਸਕਦਾ ਹੈ ਤੇ ਇਹ ਹਾਦਸੇ ਦਾ ਕਾਰਨ ਬਣ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਟ੍ਰੈਫਿਕ ਵੀ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਜ਼ਰੂਰੀ ਕੰਮਾਂ ਲਈ ਜਾਣ ਵਾਲੇ ਲੋਕਾਂ ਲਈ ਪ੍ਰੇਸ਼ਾਨੀ ਖੜ੍ਹੀ ਹੋ ਜਾਂਦੀ ਹੈ। ਪੁਲਸ ਨੇ ਗੱਡੀ ਦੇ ਮਾਲਕ ਨੂੰ 81 ਡਾਲਰ ਦਾ ਜੁਰਮਾਨਾ ਲਾਇਆ ਹੈ। ਉਨ੍ਹਾਂ ਦੱਸਿਆ ਕਿ ਗੱਡੀ ਚਲਾਉਣ ਵਾਲਾ 30 ਸਾਲਾ ਨੌਜਵਾਨ ਹੈ। ਪੁਲਸ ਨੇ ਕਿਹਾ ਕਿ ਕ੍ਰਿਸਮਿਸ ਦੀ ਖੁਸ਼ੀ ਸਾਂਝੀ ਕਰਨ ਦੇ ਕਈ ਹੋਰ ਤਰੀਕੇ ਵੀ ਹਨ ਪਰ ਲੋਕ ਵਾਹਨਾਂ ਵਧੇਰੇ ਲਾਈਟਾਂ ਲਗਾ ਕੇ ਕਾਨੂੰਨ ਨਹੀਂ ਤੋੜ ਸਕਦੇ।
ਵਾਹਨਾਂ ਸਬੰਧੀ ਇਕ ਜਾਣਕਾਰ ਨੇ ਕਿਹਾ ਕਿ ਜੇਕਰ ਲੋਕ ਆਪਣੀਆਂ ਗੱਡੀਆਂ ਸਜਾ ਕੇ ਕ੍ਰਿਸਮਿਸ ਦੀ ਖੁਸ਼ੀ ਸਾਂਝੀ ਕਰਨੀ ਚਾਹੁੰਦੇ ਹਨ ਤਾਂ ਉਹ ਗੱਡੀਆਂ ਨੂੰ ਅੰਦਰੋਂ ਸਜਾਉਣ ਅਤੇ ਧਿਆਨ ਰੱਖਣ ਕਿ ਉਨ੍ਹਾਂ ਦਾ ਆਪਣਾ ਧਿਆਨ ਵੀ ਨਾ ਭਟਕੇ।