ਆਸਟ੍ਰੇਲੀਆਈ ਸਿੱਖ ਖੇਡ ਕਮੇਟੀ ਨੇ ਦਾਗੀ ਖਿਡਾਰੀਆਂ ਨੂੰ ਮਾਰੀ ''ਕੈਂਚੀ''

08/01/2017 11:35:16 AM

ਮੈਲਬੌਰਨ,(ਮਨਦੀਪ ਸਿੰਘ ਸੈਣੀ)— ਆਸਟ੍ਰੇਲੀਆਈ ਸਿੱਖ ਖੇਡ ਕਮੇਟੀ ਨੇ ਪਾਬੰਦੀਸ਼ੁਦਾ ਦਵਾਈਆਂ ਲੈਣ ਦੇ ਦੋਸ਼ ਹੇਠ ਸਥਾਨਕ ਖੇਡ ਕਲੱਬਾਂ ਦੇ 5 ਖਿਡਾਰੀਆਂ 'ਤੇ ਕਾਰਵਾਈ ਕਰਦਿਆਂ ਅਗਲੇ ਵਰ੍ਹੇ ਸਿਡਨੀ 'ਚ ਹੋਣ ਵਾਲੀਆਂ ਸਿੱਖ ਖੇਡਾਂ ਵਿਚ ਖੇਡਣ 'ਤੇ ਪਾਬੰਦੀ ਲਗਾ ਦਿੱਤੀ ਹੈ। ਬੀਤੀ ਅਪ੍ਰੈਲ ਐਡੀਲੇਡ 'ਚ ਹੋਈਆਂ 30ਵੀਂ ਸਿੱਖ ਖੇਡਾਂ ਦੌਰਾਨ ਸ਼ਾਮਲ ਵੱਖ-ਵੱਖ ਖੇਡ ਕਲੱਬਾਂ ਦੇ 21 ਖਿਡਾਰੀਆਂ ਦਾ 'ਡੋਪ ਟੈਸਟ' ਕੀਤਾ ਗਿਆ ਸੀ। ਨਤੀਜੇ ਵਜੋਂ ਸਿੰਘ ਸਭਾ ਸਪੋਰਟਸ ਕਲੱਬ ਮੈਲਬੌਰਨ, ਯੰਗ ਕਬੱਡੀ ਕਲੱਬ ਮੈਲਬੌਰਨ, ਕੇਸਰੀ ਕਲੱਬ ਅਤੇ ਮੈਲਬੌਰਨ ਯੂਨਾਈਟਡ ਕਲੱਬ ਦੇ 5 ਖਿਡਾਰੀ ਇਸ ਟੈਸਟ 'ਚ ਫੇਲ ਪਾਏ ਗਏ। ਇਸ ਦੋਸ਼ ਹੇਠ ਖੇਡ ਕਲੱਬਾਂ ਨੂੰ 700 ਡਾਲਰ ਪ੍ਰਤੀ ਖਿਡਾਰੀ ਜ਼ੁਰਮਾਨਾ ਵੀ ਕੀਤਾ ਗਿਆ ਹੈ। 
ਇਸ ਕਾਰਵਾਈ 'ਤੇ ਟਿੱਪਣੀ ਕਰਦਿਆਂ ਸਿੱਖ ਖੇਡ ਕਮੇਟੀ ਦੇ ਕੌਮੀ ਪ੍ਰਧਾਨ ਅਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਾਡਾ ਉਦੇਸ਼ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣਾ ਹੈ ਤਾਂ ਜੋ ਖਿਡਾਰੀ ਨਸ਼ੇ ਤੋਂ ਰਹਿਤ ਸਾਫ ਸੁਥਰੀ ਖੇਡ ਅਤੇ ਭਾਈਚਾਰਕ ਸਾਂਝ ਦਾ ਪ੍ਰਦਰਸ਼ਨ ਕਰਦੇ ਹੋਏ ਅਜੋਕੀ ਪੀੜ੍ਹੀ ਨੂੰ ਬਿਹਤਰ ਸੇਧ ਦੇ ਸਕਣ। ਜੋ ਵੀ ਖਿਡਾਰੀ ਜਾਂ ਕਲੱਬ ਅਨੁਸ਼ਾਸਨੀ ਕਮੇਟੀ ਵਲੋਂ ਬਣਾਏ ਨਿਯਮਾਂ ਦੀ ਉਲੰਘਣਾ ਕਰਦਾ ਹੈ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਕਮੇਟੀ ਦੇ ਇਸ ਫੈਸਲੇ ਦਾ ਪ੍ਰਤੀਕਰਮ ਜਾਨਣ ਲਈ ਸੰਬੰਧਿਤ ਖੇਡ ਕਲੱਬਾਂ ਦੇ ਨੁਮਾਇੰਦਿਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਫੈਸਲੇ 'ਤੇ ਨਾਖੁਸ਼ੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਇਹ ਇਕ ਪਾਸੜ ਫੈਸਲਾ ਹੈ ਅਤੇ ਕਮੇਟੀ ਨੂੰ ਇਸ ਪਾਬੰਦੀ ਬਾਰੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਕਮੇਟੀ ਦੇ ਬੁਲਾਰੇ ਨੇ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਸਮੂਹ ਖੇਡ ਕਲੱਬਾਂ ਨੂੰ ਖਿਡਾਰੀਆਂ ਦੇ ਡੋਪ ਟੈਸਟ ਸੰਬੰਧੀ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸੇ ਕਲੱਬ ਜਾਂ ਖਿਡਾਰੀ ਨੂੰ ਜਾਣਬੁੱਝ ਕੇ ਨਿਸ਼ਾਨਾ ਨਹੀਂ ਬਣਾਇਆ ਗਿਆ ਸਗੋਂ ਕੁਝ ਖਿਡਾਰੀਆਂ ਨੂੰ ਇਸ ਟੈਸਟ ਲਈ ਚੁਣਿਆ ਗਿਆ ਸੀ।ਅਗਲੇ ਵਰੇ ਤੋਂ ਕਮੇਟੀ ਵਲੋਂ ਹਰ ਇਕ ਖਿਡਾਰੀ ਦਾ ਡੋਪ ਟੈਸਟ ਕਰਵਾਉਣ ਦੀ ਵੀ ਯੋਜਨਾ ਬਣਾਈ ਜਾ ਰਹੀ।
ਜ਼ਿਕਰਯੋਗ ਹੈ ਕਿ ਕੌਮੀ ਪੱਧਰ 'ਤੇ ਹੋਣ ਵਾਲੀਆਂ ਸਿੱਖ ਖੇਡਾਂ ਪਿਛਲੇ 30 ਵਰ੍ਹਿਆਂ ਤੋਂ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਹਰ ਸਾਲ ਕਰਵਾਈਆਂ ਜਾਂਦੀਆਂ ਹਨ ।ਇਸ ਖੇਡ ਮਹਾਕੁੰਭ ਵਿਚ ਆਸਟ੍ਰੇਲੀਆ ਸਮੇਤ ਵੱਖ-ਵੱਖ ਦੇਸ਼ਾਂ ਤੋਂ ਖਿਡਾਰੀ ਅਤੇ ਖੇਡ ਪ੍ਰੇਮੀ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਦੇ ਹਨ।


Related News