ਪੰਜਾਬੀ ਭਾਸ਼ਾ ਦੇ ਪਾਸਾਰ ਲਈ ਵਚਨਬੱਧ 'ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ, ਬ੍ਰਿਸਬੇਨ' (ਵੀਡੀਓ)

Thursday, Oct 15, 2020 - 09:35 AM (IST)

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)-  ਕਿਸੇ ਵੀ ਕੌਮ ਦੀ ਹੋਂਦ ਦੇ ਬਰਕਰਾਰ ਰਹਿਣ ਲਈ ਜਰੂਰੀ ਹੁੰਦਾ ਹੈ, ਕਿ ਉਸ ਕੌਂਮ ਦੀ ਭਾਸ਼ਾ ਦਾ ਜਿਉਂਦਾ ਰਹਿਣਾ। ਭਾਸ਼ਾ ਹੀ ਸਾਡੇ ਮੂਲ  ਪਿਛੋਕੜ, ਭਾਈਚਾਰੇ ਦੀ ਪਹਿਚਾਣ ਕਰਵਾਉਂਦੀ ਹੈ। ਵਿਦੇਸ਼ ਵੱਸਦੇ ਪੰਜਾਬੀਆਂ ਨੂੰ ਰੁਝੇਵਿਆਂ ਭਰੀ ਜ਼ਿੰਦਗੀ ਕਰਕੇ ਆਪਣੇ ਬੱਚਿਆਂ ਨੂੰ ਮਾਤ ਭਾਸ਼ਾ ਪੰਜਾਬੀ ਤੇ ਸੱਭਿਆਚਾਰ ਨਾਲ ਜੁੜੇ ਰੱਖਣਾ ਬਹੁਤ ਔਖਾ ਹੁੰਦਾ ਹੈ।

ਇਸੇ ਮੰਤਵ ਨੂੰ ਧਿਆਨ 'ਚ ਰੱਖਦੇ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ, ਬ੍ਰਿਸਬੇਨ ਨੇ ਸਾਹਿਤਕ ਗਤੀਵਿਧੀਆ ਤੋ ਇਲਾਵਾ ਬੱਚਿਆਂ ਨੂੰ ਪੰਜਾਬੀ ਸਿਖਾਉਣ ਦਾ ਜਿੰਮਾ ਚੁੱਕਿਆ ਹੈ। ਸਭਾ ਦੇ ਬੁਲਾਰੇ ਵਰਿੰਦਰ ਅਲੀਸ਼ੇਰ ਨੇ ਦੱਸਿਆ ਕਿ "ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ, ਬ੍ਰਿਸਬੇਨ" ਦਾ ਮੁੱਖ ਉਦੇਸ਼ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਜੋੜੇ ਰੱਖਣਾ ਹੈ, ਇਸ ਲਈ ਉਹਨਾਂ ਬ੍ਰਿਸਬੇਨ ਸ਼ਹਿਰ ਵਿੱਚ ਹਰ ਸ਼ਨੀਵਾਰ ਇੱਕ ਘੰਟੇ ਦੀ ਮੁਫ਼ਤ ਪੰਜਾਬੀ ਦੀ ਜਮਾਤ ਲਗਾਉਣੀ ਸ਼ੁਰੂ ਕੀਤੀ ਹੈ ।

 

ਸਭਾ ਦੇ ਕਾਰਜਸ਼ੀਲ ਮੈਂਬਰ ਅਤੇ ਉੱਪ ਪ੍ਰਧਾਨ ਸੁਰਜੀਤ ਸੰਧੂ ਨੇ ਇਸ ਜਿੰਮੇਵਾਰੀ ਨੂੰ ਸੰਭਾਲਦੇ ਹੋਏ ਬਤੌਰ ਅਧਿਆਪਕ, ਬੱਚਿਆਂ ਨੂੰ ਪੰਜਾਬੀ ਸਿਖਾਉਣੀ ਸ਼ੁਰੂ ਕੀਤੀ ਹੈ । ਮੁੱਢਲੇ ਤੌਰ ਤੇ ਬੱਚਿਆਂ ਨੂੰ ਪੰਜਾਬੀ ਵਰਣਮਾਲਾ , ਗੁਰਮੁਖੀ ਵਿਚ ਗਿਣਤੀ , ਅੱਖਰ ਜੋੜ, ਮੁਹਾਰਨੀ ਸਿਖਾਈ ਜਾ ਰਹੀ ਹੈ। ਪੰਜਾਬੀ ਭਾਸ਼ਾ ਦੇ ਨਾਲ ਨਾਲ ਬੱਚਿਆ ਨੂੰ ਪੰਜਾਬ ਦੇ ਅਮੀਰ ਵਿਰਸੇ , ਇਤਿਹਾਸ ਤੇ ਸਿੱਖੀ ਬਾਰੇ ਵੀ ਗਿਆਨ ਦਿੱਤਾ ਜਾ ਰਿਹਾ ਹੈ। ਲੋਕਾਂ ਵਿੱਚ ਆਪਣੇ ਬੱਚਿਆ  ਨੂੰ ਪੰਜਾਬੀ ਸਿਖਾਉਣ ਦੇ ਉਤਸ਼ਾਹ ਨੂੰ ਦੇਖਦੇ ਹੋਏ ਸਭਾ ਵੱਲੋਂ ਹੁਣ ਇੱਕੋ ਦਿਨ ਦੋ ਜਮਾਤਾਂ ਸ਼ੁਰੂ ਕੀਤੀਆ ਗਈਆਂ ਹਨ ।

ਬੱਚਿਆਂ ਵਿਚ ਪੰਜਾਬੀ ਭਾਸ਼ਾ ਨੂੰ ,ਤੇ ਮੁੱਢਲੀ ਇਤਿਹਾਸਕ ਜਾਣਕਾਰੀ ਲੈਣ ਪ੍ਰਤੀ ਭਾਰੀ ਉਤਸ਼ਾਹ ਦੇਖਿਆ ਗਿਆ। ਸਭਾ ਦੇ ਪ੍ਰਧਾਨ ਜਸਵੰਤ ਵਾਗਲਾ ਨੇ ਕਿਹਾ ਕਿ ਭਵਿੱਖ ਵਿਚ "ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ, ਬ੍ਰਿਸਬੇਨ" ਵੱਲੋਂ ਸਮੇਂ ਸਮੇਂ ਸਿਰ ਹੋਰ  ਵੀ ਅਜਿਹੀਆ ਗਤੀਵਿਧੀਆ ਕੀਤੀਆਂ ਜਾਣਗੀਆਂ , ਜਿਸ ਨਾਲ ਆਸਟ੍ਰੇਲੀਆ ਵਿਚ ਪੰਜਾਬੀ ਕੌਂਮ ਦਾ ਸਿਰ ਮਾਣ ਨਾਲ ਉੱਚਾ ਰਹੇ ਤੇ ਪੰਜਾਬੀ ਭਾਸ਼ਾ ਦਾ ਪਾਸਾਰ ਪੀੜ੍ਹੀ ਦਰ ਪੀੜ੍ਹੀ ਹੁੰਦਾ ਰਹੇ ।


Lalita Mam

Content Editor

Related News