ਆਸਟ੍ਰੇਲੀਆ ਰਾਜਨੀਤੀ : 6 ਮਹੀਨਿਆਂ 'ਚ ਚਾਰ ਪ੍ਰੀਮੀਅਰਾਂ ਨੇ ਦਿੱਤੇ ਅਸਤੀਫ਼ੇ, ਜਾਣੋ ਵਜ੍ਹਾ

Thursday, May 12, 2022 - 01:51 PM (IST)

ਆਸਟ੍ਰੇਲੀਆ ਰਾਜਨੀਤੀ : 6 ਮਹੀਨਿਆਂ 'ਚ ਚਾਰ ਪ੍ਰੀਮੀਅਰਾਂ ਨੇ ਦਿੱਤੇ ਅਸਤੀਫ਼ੇ, ਜਾਣੋ ਵਜ੍ਹਾ

ਪਰਥ (ਪਿਆਰਾ ਸਿੰਘ ਨਾਭਾ): ਕੈਨਬਰਾ-ਆਸਟ੍ਰੇਲੀਆ ਦੇ 8 ਰਾਜਾਂ ਤੇ ਟੈਰੀਟਰੀ ਨੇਤਾਵਾਂ ਵਿੱਚੋਂ 4 ਪਿਛਲੇ ਛੇ ਮਹੀਨਿਆਂ ਵਿਚ ਪਰਿਵਾਰਿਕ ਕਾਰਨਾਂ ਜਾਂ ਘੁਟਾਲਿਆਂ ਕਾਰਨ ਪਾਸੇ ਹੋ ਗਏ ਹਨ। ਗਲੇਡਿਸ ਬੇਰੇਜਿਕਲੀਅਨ ਨੇ ਸਭ ਤੋਂ ਪਹਿਲਾਂ ਅਸਤੀਫ਼ਾ ਦਿੱਤਾ ਸੀ। 30 ਨਵੰਬਰ ਨੂੰ ਉਸ ਨੂੰ ਐਨ.ਐਸ.ਡਬਲਯੂ. ਦੇ ਇੰਡੀਪੈਂਡੈਂਟ ਕਮਿਸ਼ਨ ਅਗੇਂਸਟ ਕੁਰੱਪਸ਼ਨ ਤੋਂ ਸੁਨੇਹਾ ਮਿਲਿਆ।ਉਸ ਨੂੰ ਚੌਕਸ ਕੀਤਾ ਗਿਆ ਕਿ ਬਦਨਾਮ ਸਾਬਕਾ ਐੱਮਪੀ ਡੈਰਲ ਮੈਕਗੁਇਆਰ ਨਾਲ ਉਸ ਦੇ ਉਸ ਸਮੇਂ ਦੇ ਗੁਪਤ ਸਬੰਧਾਂ ਦੌਰਾਨ ਉਸ ਦੇ ਮੰਤਰੀ ਵਿਵਹਾਰ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੇ ਅਗਲੇ ਦਿਨ ਹੀ ਪ੍ਰੀਮੀਅਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। 

ਅਗਲੀ ਵਿਕਟ ਸਟੀਵਨ ਮਾਰਸ਼ਲ ਦੀ ਡਿੱਗੀ। ਸਾਊਥ ਆਸਟ੍ਰੇਲੀਅਨ ਪ੍ਰੀਮੀਅਰ ਅੱਧੀ ਸਦੀ ਵਿਚ ਕੇਵਲ ਦੂਸਰੇ ਲਿਬਰਲ ਨੇਤਾ ਹਨ, ਜਿਨ੍ਹਾਂ ਨੇ ਆਪਣਾ ਕਾਰਜਕਾਲ ਪੂਰਾ ਕੀਤਾ ਅਤੇ ਮੁੜ੍ਹ ਚੋਣ ਦਾ ਸਾਹਮਣਾ ਕੀਤਾ ਪਰ ਉਨ੍ਹਾਂ ਨੂੰ ਸੰਗਠਿਤ ਲੇਬਰ ਵਿਰੋਧੀ ਧਿਰ ਖ਼ਿਲਾਫ਼ ਵੱਡੀ ਲੜਾਈ ਦਾ ਸਾਹਮਣਾ ਕਰਨਾ ਪਿਆ। ਮਾਰਚ 2022 ਦੀਆਂ ਸੂਬਾ ਚੋਣ ਵਿਚ ਹਾਰ ਕਾਰਨ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਪ੍ਰੀਮੀਅਰ ਪੀਟਰ ਗੁਟਵੇਨ ਨੇ ਆਪਣੀ ਭੂਮਿਕਾ ਤੋਂ ਹਟਣ ਦੇ ਫ਼ੈਸਲੇ ਨਾਲ ਤਸਮਾਨੀਆ ਨੂੰ ਹੈਰਾਨ ਕਰ ਦਿੱਤਾ। ਉਸ ਨੇ ਕੋਵਿਡ ਸੰਕਟ ਵਿਚ ਸੂਬੇ ਦੀ ਅਗਵਾਈ ਕਰਕੇ ਅਤੇ ਲਿਬਰਲਜ਼ ਦੀ ਚੋਣ ਵਿਚ ਤੀਸਰੀ ਵਾਰ ਸਫਲਤਾ ਲਈ ਅਗਵਾਈ ਕਰਕੇ ਲੋਕਾਂ ਦਾ ਪਿਆਰ ਜਿੱਤਿਆ ਸੀ ਪਰ 8 ਅਪ੍ਰੈਲ ਨੂੰ ਗੁਟਵੇਨ ਨੇ ਖੁਲਾਸਾ ਕੀਤਾ ਕਿ ਹੁਣ ਉਸ ਕੋਲ ਸਮਰੱਥਾ ਨਹੀਂ ਰਹੀ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਫ਼ੈਡਰਲ ਚੋਣਾਂ : ਲਿਬਰਲ ਪਾਰਟੀ ਤੋਂ ਪੰਜਾਬੀ ਉਮੀਦਵਾਰ ਜੁਗਨਦੀਪ ਸਿੰਘ ਅਜਮਾਏਗਾ ਕਿਸਮਤ

ਨੌਰਦਰਨ ਟੈਰੀਟਰੀ ਦੇ ਮੁੱਖ ਮੰਤਰੀ ਮਾਈਕਲ ਗਨਰ, ਜਿਸ ਨੇ ਮੰਗਲਵਾਰ ਨੂੰ ਅਸਤੀਫ਼ਾ ਦਿੱਤਾ, ਨੇ ਕਿਹਾ ਕਿ ਉਨ੍ਹਾਂ ਨੇ ਅਸਤੀਫ਼ਾ ਪਰਿਵਾਰਿਕ ਕਾਰਨਾਂ ਕਰਕੇ ਦਿੱਤਾ ਹੈ। ਹੈਰਾਨ ਕਰਨ ਵਾਲੇ ਐਲਾਨ ਵਿਚ ਗਨਰ ਨੇ ਕਿਹਾ ਕਿ ਉਸ ਦਾ ਦਿਮਾਗ ਤੇ ਦਿਲ ਹੁਣ ਨੌਕਰੀ ਵਿਚ ਨਹੀਂ, ਜਿਸ ਨੂੰ ਉਸ ਨੇ ਲੱਗਭਗ 6 ਸਾਲ ਤੋਂ ਸੰਭਾਲਿਆ ਹੋਇਆ ਸੀ।


author

Vandana

Content Editor

Related News