ਮੋਬਾਇਲ ''ਚ ਅਜਿਹੀ ਵੀਡੀਓ ਰੱਖਣੀ ਪਈ ਮਹਿੰਗੀ, ਆਸਟ੍ਰੇਲੀਆਈ ਪੁਲਸ ਨੇ ਫੜਿਆ

05/25/2019 10:00:42 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਬ੍ਰਿਸਬੇਨ ਅੰਤਰ ਰਾਸ਼ਟਰੀ ਹਵਾਈ ਅੱਡੇ 'ਤੇ ਬੀਤੇ ਦਿਨੀਂ ਆਬੂ ਧਾਬੀ ਤੋਂ ਬ੍ਰਿਸਬੇਨ ਪਹੁੰਚੀ ਹਵਾਈ ਉਡਾਣ 'ਚ ਇਕ ਆਸਟ੍ਰੇਲੀਆਈ-ਬ੍ਰਿਟਿਸ਼ ਨਾਗਰਿਕ ਕਥਿਤ ਤੌਰ 'ਤੇ ਬਾਲ ਸ਼ੋਸ਼ਣ ਸਮੱਗਰੀ ਨਾਲ ਫੜਿਆ ਗਿਆ ਹੈ। ਆਸਟ੍ਰੇਲੀਆਈ ਬਾਰਡਰ ਫੋਰਸ  (ਏ. ਬੀ. ਐੱਫ.) ਦੇ ਅਧਿਕਾਰੀਆਂ ਨੇ ਦੱਸਿਆ ਕਿ  20 ਸਾਲਾ ਵਿਅਕਤੀ ਦੇ ਸਮਾਨ ਦੀ ਜਾਂਚ ਦੌਰਾਨ ਉਸ ਦੇ ਮੋਬਾਇਲ ਫ਼ੋਨ ਅਤੇ ਲੈਪਟੋਪ 'ਚੋਂ ਬਾਲ ਸ਼ੋਸ਼ਣ ਦੀਆਂ ਪਾਬੰਦੀਸ਼ੁਦਾ ਤਸਵੀਰਾਂ ਅਤੇ ਵੀਡੀਓਜ਼ ਵੱਡੀ ਗਿਣਤੀ ਵਿਚ ਪ੍ਰਾਪਤ ਹੋਈਆਂ ਹਨ।

(ਏ. ਬੀ. ਐੱਫ.) ਦੇ ਅਧਿਕਾਰੀਆਂ ਵਲੋਂ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ 'ਤੇ ਆਸਟ੍ਰੇਲੀਆ 'ਚ ਬਾਲ ਸ਼ੋਸ਼ਣ ਦੀ ਪਾਬੰਦੀਸ਼ੁਦਾ ਸਮੱਗਰੀ ਨੂੰ ਆਯਾਤ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਬ੍ਰਿਸਬੇਨ ਮੈਜਿਸਟ੍ਰੇਟ ਕੋਰਟ ਵਿਚ 29 ਮਈ ਨੂੰ ਪੇਸ਼ ਕੀਤਾ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਆਸਟ੍ਰੇਲੀਆ 'ਚ ਬਾਲ ਸ਼ੋਸ਼ਣ, ਦੁਰ-ਵਿਵਹਾਰ ਅਤੇ ਅਸ਼ਲੀਲ ਸਮੱਗਰੀ ਨੂੰ ਆਯਾਤ ਕਰਨ ਲਈ 10 ਸਾਲ ਦੀ ਕੈਦ ਅਤੇ ਵੱਧ ਤੋਂ ਵੱਧ 5,25,000 ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਆਸਟ੍ਰੇਲੀਆਈ ਹਵਾਈ ਅੱਡਿਆਂ 'ਤੇ ਏ. ਬੀ. ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਆਵਾਸ ਦੌਰਾਨ ਲਿਆਂਦੀ ਗਈ ਸਮੱਗਰੀ ਆਸਟ੍ਰੇਲੀਆਈ ਕਾਨੂੰਨ ਤਹਿਤ ਬਹੁਤ ਗੰਭੀਰਤਾ ਨਾਲ ਵੇਖੀ ਜਾਂਦੀ ਹੈ।

ਹਾਲ ਦੇ ਮਹੀਨਿਆਂ ਦੌਰਾਨ ਕੌਮਾਂਤਰੀ ਵਿਦਿਆਰਥੀਆਂ, ਸੈਲਾਨੀਆਂ ਸਮੇਤ ਬਹੁਤ ਸਾਰੇ ਲੋਕਾਂ ਨੂੰ ਕਥਿਤ ਤੌਰ 'ਤੇ ਬਾਲ ਸ਼ੋਸ਼ਣ ਦੀਆਂ ਤਸਵੀਰਾਂ ਤੇ ਵੀਡੀਓਜ਼ ਨਾਲ ਫੜਿਆ ਗਿਆ ਹੈ। ਜਿਸ ਦੌਰਾਨ ਉਨ੍ਹਾਂ ਦੇ ਵੀਜ਼ੇ ਰੱਦ ਕਰ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਕੁਈਨਜ਼ਲੈਂਡ ਸੂਬੇ ਦੇ ਏ. ਬੀ. ਐੱਫ. ਖੇਤਰੀ ਕਮਾਂਡਰ ਟੈਰੀ ਪ੍ਰਾਇਸ ਨੇ ਕਿਹਾ ਕਿ ਬੱਚਿਆਂ ਦੇ ਸ਼ੋਸ਼ਣ ਦੀ ਸਮੱਗਰੀ ਕੋਲ ਰੱਖਣਾ ਆਸਟ੍ਰੇਲੀਆਈ ਕਾਨੂੰਨ ਅਧੀਨ ਬਹੁਤ ਗੰਭੀਰ ਅਪਰਾਧ ਹੈ। ਉਨ੍ਹਾਂ ਕਿਹਾ,“ਬੱਚਿਆਂ ਦੇ ਸ਼ੋਸ਼ਣ ਦਾ ਖਾਤਮਾ ਏ. ਬੀ. ਐੱਫ. ਲਈ ਇਕ ਪ੍ਰਮੁੱਖ ਤਰਜੀਹ ਹੈ ਜੋ ਕਿ ਲੋਕਾਂ ਦੀ ਸਰਹੱਦ ਦੀ ਰਾਖੀ ਕਰਨ ਦੀ ਭੂਮਿਕਾ ਦੇ ਹਿੱਸੇ ਵਜੋਂ ਹੈ, ਜੋ ਕਿ ਕਮਿਊਨਿਟੀ ਲਈ ਖਤਰਾ ਪੈਦਾ ਕਰ ਸਕਦੇ ਹਨ।


Related News