ਆਸਟ੍ਰੇਲੀਆਈ PM ਸਕਾਟ ਮੌਰੀਸਨ ਨੇ ਕਿਹਾ- ‘ਖੇਤਰ ਨੂੰ ਮਜ਼ਬੂਤ ਅਤੇ ਜ਼ਿਆਦਾ ਖ਼ੁਸ਼ਹਾਲ ਬਣਾਏਗਾ ਕਵਾਡ’
Saturday, Sep 25, 2021 - 01:31 PM (IST)
ਵਾਸ਼ਿੰਗਟਨ (ਭਾਸ਼ਾ)— ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ 4 ਲੋਕਤੰਤਰੀ ਦੇਸ਼ਾਂ- ਆਸਟ੍ਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਦਾ ਗੈਰ-ਰਸਮੀ ਸਮੂਹ- ਕਵਾਡ ਦਾ ਗਠਨ ਖੇਤਰ ਨੂੰ ਜ਼ਿਆਦਾ ਮਜ਼ਬੂਤ, ਜ਼ਿਆਦਾ ਖ਼ੁਸ਼ਹਾਲ ਅਤੇ ਜ਼ਿਆਦਾ ਸਥਿਰ ਬਣਾਉਣ ਲਈ ਕੀਤਾ ਗਿਆ ਹੈ। ਮੌਰੀਸਨ ਨੇ ਇਸ ਨੂੰ ‘ਸਕਾਰਾਤਮਕ’ ਪਹਿਲੂ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਨੂੰ ਰਣਨੀਤਕ ਰੂਪ ਨਾਲ ਮਹੱਤਵਪੂਰਨ ਹਿੰਦ-ਪ੍ਰਸ਼ਾਂਤ ਖੇਤਰ ਦੇ ਲੋਕਾਂ ਦੀ ਭਲਾਈ ਲਈ ਬਣਾਇਆ ਗਿਆ ਹੈ। ਮੌਰੀਸਨ ਨੇ ਸ਼ੁੱਕਰਵਾਰ ਨੂੰ ਇੱਥੇ ਪਹਿਲੀ ਆਹਮਣੇ-ਸਾਹਮਣੇ ਦੀ ਕਵਾਡ ਸ਼ਿਖਰ ਵਾਰਤਾ ਦੀ ਸਮਾਪਤੀ ਤੋਂ ਬਾਅਦ ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਵਾਡ ਇਕ ਭਾਈਵਾਲ ਹੈ, ਚਾਹੇ ਉਹ ਚੀਨ ਲਈ ਹੋਵੇ ਜਾਂ ਕਿਸੇ ਹੋਰ ਦੇਸ਼ ਲਈ ਜੋ ਹਿੰਦ-ਪ੍ਰਸ਼ਾਂਤ ਖੇਤਰ ਵਿਚ ਹੈ।
ਰਾਸ਼ਟਰਪਤੀ ਜੋਅ ਬਾਈਡਨ ਦੀ ਮੇਜ਼ਬਾਨੀ ਵਿਚ ਹੋਈ ਕਵਾਡ ਸ਼ਿਖਰ ਵਾਰਤਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਜਾਪਾਨੀ ਹਮ-ਰੁਤਬਾ ਯੋਸ਼ੀਹਿਦੇ ਸੁਗਾ ਅਤੇ ਮੌਰੀਸਨ ਸ਼ਾਮਲ ਹੋਏ ਸਨ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਨੇਤਾਵਾਂ ਨੂੰ ਨਾਲ ਲਿਆਉਣ ਲਈ ਬਾਈਡਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪ੍ਰਧਾਨ ਮੰਤਰੀ ਸੁਗਾ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਕੋਵਿਡ-19 ’ਤੇ ਮੌਰੀਸਨ ਨੇ ਕਿਹਾ ਕਿ ਇਹ ਸਿਰਫ਼ ਟੀਕੇ ਪ੍ਰਾਪਤ ਕਰਨ ਬਾਰੇ ਨਹੀਂ ਹੈ, ਸਗੋਂ ਇਸ ਚੁਣੌਤੀ ਨਾਲ ਨਜਿੱਠਣ ਦੀ ਰਣਨੀਤੀ ’ਤੇ ਹੈ।
ਅਫ਼ਗਾਨਿਸਤਾਨ ਦੇ ਮੁੱਦੇ ’ਤੇ ਹੋਈ ਚਰਚਾ—
ਸਕਾਟ ਮੌਰੀਸਨ ਨੇ ਦੱਸਿਆ ਕਿ ਸੁਰੱਖਿਆ ਬਾਰੇ ਵਿਚ ਸਾਡੀ ਚਰਚਾ ਅਫ਼ਗਾਨਿਸਤਾਨ ਦੇ ਮੁੱਦੇ ਨਾਲ ਸ਼ੁਰੂ ਹੋਈ। ਵਿਸ਼ੇਸ਼ ਰੂਪ ਨਾਲ ਇਸ ਗੱਲ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਕਿ ਅਸੀਂ ਕਿਵੇਂ ਉਨ੍ਹਾਂ ਲੋਕਾਂ ਦੀ ਮਦਦ ਕਰਨਾ ਜਾਰੀ ਰੱਖ ਸਕਦੇ ਹਾਂ, ਜੋ ਅਫ਼ਗਾਨਿਸਤਾਨ ਛੱਡਣਾ ਚਾਹੁੰਦੇ ਹਨ। ਤਾਲਿਬਾਨ ਨੂੰ ਇਹ ਯਕੀਨੀ ਕਰਨ ਲਈ ਜ਼ਿੰਮੇਵਾਰ ਠਹਿਰਾਉਂਦੇ ਹਾਂ ਕਿ ਉਹ ਸੁਰੱਖਿਅਤ ਰੂਪ ਨਾਲ ਨਿਕਲ ਸਕਣ। ਇਹ ਯਕੀਨੀ ਕਰਨਾ ਕਿ ਅਸੀਂ ਅਫ਼ਗਾਨਿਸਤਾਨ ’ਚ ਤਾਲਿਬਾਨ ’ਤੇ ਦਬਾਅ ਬਣਾ ਕੇ ਰੱਖੀਏ ਕਿ ਆਪਣੀ ਵਚਨਬੱਧਤਾਵਾਂ ’ਤੇ ਖਰ੍ਹੇ ਉਤਰੇ। ਮੌਰੀਸਨ ਨੇ ਕਿਹਾ ਕਿ ਮੋਟੇ ਤੌਰ ’ਤੇ ਜਦੋਂ ਜਲਵਾਯੂ ਦੀ ਗੱਲ ਆਉਂਦੀ ਹੈ, ਤਾਂ ਅਸਲ ਵਿਚ ਸੰਕਲਪ ਦੀ ਭਾਵਨਾ ਸੀ, ਨਾ ਕਿ ਸਿਰਫ਼ ‘ਅਗਰ-ਮਗਰ’ ਬਾਰੇ ਵਿਚ।