ਆਸਟਰੇਲੀਅਨ ਵਿਅਕਤੀ ਦੀ ਨੇਪਾਲ ''ਚ ਹੋਈ ਮੌਤ, ਮਾਊਂਟ ਐਵਰੈਸਟ ਦੇ ਬੇਸ ਕੈਂਪ ਤੋਂ ਆ ਰਿਹਾ ਸੀ ਵਾਪਸ
Monday, Mar 06, 2017 - 02:30 PM (IST)

ਕਾਠਮੰਡੂ— ਮਾਊਂਟ ਐਵਰੈਸਟ ਦੇ ਬੇਸ ਕੈਂਪ ਦੇ ਨਜ਼ਦੀਕ ਇੱਕ ਆਸਟਰੇਲੀਅਨ ਵਿਅਕਤੀ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕ ਅੰਦਾਜ਼ੇ ਮੁਤਾਬਕ ਉਸ ਦੀ ਮੌਤ ਵਧੇਰੇ ਉਚਾਈ ''ਤੇ ਹੋਣ ਵਾਲੀਆਂ ਸਮੱਸਿਆਵਾਂ ਦੇ ਕਾਰਨ ਹੋਈ ਹੈ। ਪੁਲਸ ਅਧਿਕਾਰੀ ਖੀਲ ਰਾਜ ਭੱਟਰਾਈ ਨੇ ਸੋਮਵਾਰ ਨੂੰ ਦੱੱਸਿਆ ਕਿ 4,940 ਮੀਟਰ ਦੀ ਉੱਚਾਈ ਤੋਂ ਬਿਲਕੁਲ ਹੇਠਾਂ ਸਥਿਤ ਲੋਬੁਚੇ ਪਿੰਡ ''ਚ ਸ਼ੁੱਕਰਵਾਰ ਨੂੰ 49 ਸਾਲਾ ਵਿਅਕਤੀ ਦੀ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਨੇਪਾਲ ਦੀ ਰਾਜਧਾਨੀ ਕਾਠਮੰਡੂ ਲਿਜਾਇਆ ਗਿਆ ਹੈ। ਆਸਟਰੇਲੀਆ ਦੀ ਖ਼ਬਰਾਂ ਮੁਤਾਬਕ ਮ੍ਰਿਤਕ ਵਿਅਕਤੀ ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਦਾ ਰਹਿਣ ਵਾਲਾ ਸੀ ਅਤੇ ਇੱਥੇ ਉਹ ਇੱਕ ਤਕਨਾਲੋਜੀ ਕੰਪਨੀ ''ਚ ਕੰਮ ਕਰਦਾ ਸੀ। ਉਹ ਤਿੰਨ ਹੋਰ ਆਸਟਰੇਲੀਅਨਾਂ ਨਾਲ ਮਾਊਂਟ ਐਵਰੈਸਟ ''ਤੇ ਗਿਆ ਸੀ। ਬੀਤੇ ਵੀਰਵਾਰ ਨੂੰ ਉਹ ਬੇਸ ਕੈਂਪ ਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਰਾਤ ਨੂੰ ਉਹ ਬੀਮਾਰ ਹੋ ਗਿਆ ਅਤੇ ਇਸੇ ਦੇ ਚੱਲਦਿਆਂ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਬਸੰਤ ਅਤੇ ਪਤਝੜ ਦੀ ਰੁੱਤ ''ਚ ਜਦੋਂ ਮੌਸਮ ਅਨੁਕੂਲ ਹੁੰਦਾ ਹੈ ਤਾਂ ਹਜ਼ਾਰਾਂ ਦੀ ਗਿਣਤੀ ਵਿਦੇਸ਼ੀ ਲੋਕ ਮਾਊਂਟ ਐਵਰੈਸਟ ਦੇ ਬੇਸ ਕੈਂਪ ਤੱਕ ਆਉਂਦੇ ਹਨ। ਇਲਾਕੇ ''ਚ ਆਉਣ ਵਾਲੇ ਲੋਕਾਂ ਨੂੰ ਵਧੇਰੇ ਉੱਚਾਈ ਕਾਰਨ ਆਕਸੀਜਨ ਦੇ ਪੱਧਰ ਦੇ ਘੱਟ ਰਹਿਣ ਦੀਆਂ ਸਮੱਸਸਿਆਵਾਂ ਨਾਲ ਅਕਸਰ ਹੀ ਜੂਝਣਾ ਪੈਂਦਾ ਹੈ।