ਆਸਟਰੇਲੀਆ ਦੇ ਸੰਸਦ ਮੈਂਬਰਾਂ ਨੇ ਦਿੱਤੀ ਮਹਾਰਾਣੀ ਐਲਿਜ਼ਾਬੈਥ II ਨੂੰ ਸ਼ਰਧਾਂਜਲੀ
Friday, Sep 23, 2022 - 02:38 PM (IST)
ਕੈਨਬਰਾ (ਭਾਸ਼ਾ) : ਆਸਟਰੇਲੀਆ ਦੇ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਮਹਾਰਾਣੀ ਐਲਿਜ਼ਾਬੈਥ II ਨੂੰ ਸ਼ਰਧਾਂਜਲੀ ਭੇਟ ਕੀਤੀ। ਮਹਾਰਾਣੀ ਦੀ ਮੌਤ ਦੇ ਸੋਗ ਲਈ ਸੰਸਦ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਸ਼ੁੱਕਰਵਾਰ ਨੂੰ ਸੰਸਦ ਦਾ ਕੰਮ ਮੁੜ ਸ਼ੁਰੂ ਹੋਣ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਆਸਟ੍ਰੇਲੀਆ ਦੇ ਨਿਯਮਾਂ ਮੁਤਾਬਕ ਬ੍ਰਿਟਿਸ਼ ਰਾਜਸ਼ਾਹੀ ਦੇ ਮੁਖੀ ਦੀ ਮੌਤ ਤੋਂ ਬਾਅਦ ਸੰਸਦ ਨੂੰ 15 ਦਿਨਾਂ ਲਈ ਮੁਅੱਤਲ ਕਰ ਦਿੱਤਾ ਜਾਂਦਾ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਪ੍ਰੋਟੋਕੋਲ ਦੀ ਪਾਲਣਾ ਕਰਨ ਦਾ ਫ਼ੈਸਲਾ ਕੀਤਾ ਸੀ।
ਅਲਬਾਨੀਜ਼ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਦੇਸ਼ ਦਾ ਮੁਖੀ ਆਸਟ੍ਰੇਲੀਆਈ ਰਾਸ਼ਟਰਪਤੀ ਹੋਵੇ ਨਾ ਕਿ ਬ੍ਰਿਟਿਸ਼ ਰਾਜਸ਼ਾਹੀ ਦਾ ਕੋਈ ਮੁਖੀ। ਹਾਲਾਂਕਿ ਉਹ ਮਹਾਰਾਣੀ ਦੀ ਮੌਤ ਤੋਂ ਬਾਅਦ ਅਜਿਹੀ ਕਿਸੇ ਵੀ ਚਰਚਾ ਵਿੱਚ ਆਉਣ ਤੋਂ ਬਚਦੇ ਨਜ਼ਰ ਆਏ। ਆਸਟਰੇਲੀਆਈ ਸੰਸਦ ਦੇ ਦੋਵੇਂ ਸਦਨਾਂ - ਸੈਨੇਟ ਅਤੇ ਹਾਊਸ ਵਿਚ ਸ਼ੁੱਕਰਵਾਰ ਨੂੰ ਮਹਾਰਾਣੀ ਐਲਿਜ਼ਾਬੈਥ II ਦੀ ਮੌਤ 'ਤੇ ਸੋਗ ਦੇ ਮਤੇ ਪਾਸ ਹੋਏ, ਨਾਲ ਹੀ ਕਿੰਗ ਚਾਰਲਸ III ਨੂੰ ਵੀ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।