ਆਸਟ੍ਰੇਲੀਆ ਸਰਕਾਰ ਨੇ ਆਪਣੇ ਨਵੇਂ ਫ਼ੈਸਲੇ ਨਾਲ ਭਾਰਤੀਆਂ ਦੀਆਂ ਮੁਸ਼ਕਲਾਂ 'ਚ ਕੀਤਾ ਵਾਧਾ
Thursday, Mar 21, 2024 - 02:04 PM (IST)

ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਦੀ ਸਰਕਾਰ ਨੇ ਵੀਜ਼ਾ ਅਤੇ ਮਾਈਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ, ਜਿਸ ਨਾਲ ਭਾਰਤ ਦੀਆਂ ਚਿੰਤਾਵਾਂ ਵਧ ਗਈਆਂ ਹਨ। ਆਸਟ੍ਰੇਲੀਆਈ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਘੱਟ ਹੁਨਰ ਵਾਲੇ ਕਾਮਿਆਂ ਲਈ ਵੀਜ਼ਾ ਨਿਯਮਾਂ ਨੂੰ ਸਖ਼ਤ ਕਰ ਰਿਹਾ ਹੈ। ਇਸ ਕਦਮ ਦਾ ਉਦੇਸ਼ ਅਗਲੇ ਦੋ ਸਾਲਾਂ ਵਿੱਚ ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਦੀ ਗਿਣਤੀ ਨੂੰ ਅੱਧਾ ਕਰਨਾ ਹੈ।
ਨਿਊਜ਼ ਏਜੰਸੀ ਰਾਇਟਰਜ਼ ਦੀ ਇੱਕ ਰਿਪੋਰਟ ਅਨੁਸਾਰ ਨਵੀਂ ਨੀਤੀਆਂ ਦੇ ਤਹਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅੰਗਰੇਜ਼ੀ ਪ੍ਰੀਖਿਆਵਾਂ ਵਿੱਚ ਉੱਚ ਰੇਟਿੰਗ ਪ੍ਰਾਪਤ ਕਰਨ ਦੀ ਲੋੜ ਹੋਵੇਗੀ। ਇਸ ਦੇ ਨਾਲ ਹੀ ਜਿਹੜੇ ਵਿਦਿਆਰਥੀ ਲੰਬੇ ਸਮੇਂ ਤੱਕ ਆਸਟ੍ਰੇਲੀਆ 'ਚ ਰਹਿਣਾ ਚਾਹੁੰਦੇ ਹਨ, ਉਨ੍ਹਾਂ ਦੀ ਦੂਸਰੀ ਵਾਰ ਵੀਜ਼ਾ ਅਪਲਾਈ ਕਰਨ 'ਤੇ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾਵੇਗੀ। ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਕਲੇ ਓ'ਨੀਲ ਨੇ ਮੀਡੀਆ ਬ੍ਰੀਫਿੰਗ 'ਚ ਕਿਹਾ, 'ਸਾਡੀ ਰਣਨੀਤੀ ਵਧਦੀ ਮਾਈਗ੍ਰੇਸ਼ਨ ਸੰਖਿਆ ਨੂੰ ਆਮ ਵਾਂਗ ਲਿਆਏਗੀ। ਪਰ ਇਹ ਸਿਰਫ਼ ਮਾਈਗ੍ਰੇਸ਼ਨ ਨੰਬਰਾਂ ਬਾਰੇ ਨਹੀਂ ਹੈ, ਇਹ ਆਸਟ੍ਰੇਲੀਆ ਦੇ ਭਵਿੱਖ ਬਾਰੇ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਆਸਟ੍ਰੇਲੀਆ ਦੇ ਪ੍ਰਵਾਸ ਨੰਬਰਾਂ ਨੂੰ "ਟਿਕਾਊ ਪੱਧਰ" 'ਤੇ ਵਾਪਸ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਰਵਾਸ ਸਬੰਧੀ ਇੱਕ ਸਿਸਟਮ ਬਣਾਇਆ ਗਿਆ ਸੀ ਜੋ ਟੁੱਟ ਗਿਆ ਹੈ। ਇਸ ਦੇ ਨਾਲ ਹੀ ਓ'ਨੀਲ ਨੇ ਕਿਹਾ ਕਿ ਸਰਕਾਰ ਨੇ ਵਿਦੇਸ਼ੀਆਂ ਦੀ ਗਿਣਤੀ ਨੂੰ ਘੱਟ ਕਰਨ ਲਈ ਪਹਿਲਾਂ ਹੀ ਕੁਝ ਸੁਧਾਰ ਕੀਤੇ ਹਨ, ਜੋ ਪ੍ਰਭਾਵਸ਼ਾਲੀ ਹਨ ਅਤੇ ਪ੍ਰਵਾਸੀਆਂ ਦੀ ਗਿਣਤੀ 'ਚ ਕਮੀ ਲਿਆਉਣਗੇ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਸਰਕਾਰ ਦਾ ਵਿਦਿਆਰਥੀਆਂ ਨੂੰ ਵੱਡਾ ਝਟਕਾ, 'ਸਪਾਊਸ ਵਰਕ ਪਰਮਿਟ' ਕੀਤੇ ਬੰਦ
ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਦਾ ਹੜ੍ਹ
ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ ਦੁਆਰਾ ਵੀਰਵਾਰ ਨੂੰ ਜਾਰੀ ਕੀਤੀ ਗਈ ਤਾਰੀਖ ਨੇ ਦਿਖਾਇਆ ਹੈ ਕਿ 30 ਸਤੰਬਰ, 2023 ਤੱਕ ਸ਼ੁੱਧ ਇਮੀਗ੍ਰੇਸ਼ਨ ਸਾਲ ਵਿੱਚ 60% ਵੱਧ ਕੇ ਰਿਕਾਰਡ 548,800 ਹੋ ਗਿਆ, ਜੋ ਕਿ ਜੂਨ 2023 ਨੂੰ ਖ਼ਤਮ ਹੋਏ ਸਾਲ ਵਿੱਚ 518,000 ਲੋਕਾਂ ਨਾਲੋਂ ਵੱਧ ਹੈ। ਕੁੱਲ ਮਿਲਾ ਕੇ ਆਸਟ੍ਰੇਲੀਆ ਦੀ ਆਬਾਦੀ ਪਿਛਲੇ ਸਤੰਬਰ ਤੱਕ ਰਿਕਾਰਡ 2.5% ਦੀ ਸਭ ਤੋਂ ਤੇਜ਼ ਗਤੀ ਨਾਲ ਵੱਧ ਕੇ 26.8 ਮਿਲੀਅਨ ਤੱਕ ਪਹੁੰਚ ਗਈ। 2022-23 ਵਿੱਚ ਨੈੱਟ ਇਮੀਗ੍ਰੇਸ਼ਨ ਦੇ ਰਿਕਾਰਡ 518,000 ਤੱਕ ਪਹੁੰਚਣ ਤੋਂ ਬਾਅਦ ਆਸਟ੍ਰੇਲੀਆ ਨੇ ਆਪਣੇ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਦਾ ਫ਼ੈਸਲਾ ਕੀਤਾ ਹੈ। ਓ'ਨੀਲ ਨੇ ਕਿਹਾ ਕਿ 2022-23 'ਚ ਪ੍ਰਵਾਸ 'ਚ ਇਹ ਵਾਧਾ ਅੰਤਰਰਾਸ਼ਟਰੀ ਵਿਦਿਆਰਥੀਆਂ ਕਾਰਨ ਹੋਇਆ ਹੈ।
ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਜਾਂਦੇ ਹਨ ਆਸਟ੍ਰੇਲੀਆ
ਹਰ ਸਾਲ ਭਾਰਤ ਤੋਂ ਵੱਡੀ ਗਿਣਤੀ ਵਿਦਿਆਰਥੀ ਪੜ੍ਹਾਈ ਲਈ ਆਸਟ੍ਰੇਲੀਆ ਜਾਂਦੇ ਹਨ। ਗਲੋਬਲ ਡਾਟਾ ਅਤੇ ਬਿਜ਼ਨਸ ਇੰਟੈਲੀਜੈਂਸ ਪਲੇਟਫਾਰਮ ਸਟੈਟਿਸਟਾ ਦੀ ਇੱਕ ਰਿਪੋਰਟ ਅਨੁਸਾਰ ਜੁਲਾਈ 2023 ਤੱਕ 118,869 ਭਾਰਤੀ ਵਿਦਿਆਰਥੀ ਆਸਟ੍ਰੇਲੀਆ ਵਿੱਚ ਪੜ੍ਹ ਰਹੇ ਸਨ। ਆਸਟ੍ਰੇਲੀਆ ਵਿਚ ਰਹਿਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ। ਆਸਟ੍ਰੇਲੀਆ ਦੇ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਜੂਨ 2021 ਦੇ ਅੰਤ ਤੱਕ ਭਾਰਤੀ ਮੂਲ ਦੇ 710,380 ਲੋਕ ਆਸਟ੍ਰੇਲੀਆ ਵਿੱਚ ਰਹਿ ਰਹੇ ਸਨ। 30 ਜੂਨ 2011 ਨੂੰ ਇਹ ਗਿਣਤੀ ਅੱਧੇ (337,120) ਤੋਂ ਵੀ ਘੱਟ ਸੀ। ਬ੍ਰਿਟੇਨ ਤੋਂ ਬਾਅਦ ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਸਭ ਤੋਂ ਜ਼ਿਆਦਾ ਲੋਕ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।