2019-20 ''ਚ ਆਸਟ੍ਰੇਲੀਆਈ ਨਾਗਰਿਕਤਾ ਹਾਸਲ ਕਰਨ ਵਾਲਿਆਂ ''ਚ ਵਧੇਰੇ ਭਾਰਤੀ
Wednesday, Jul 29, 2020 - 06:32 PM (IST)
ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਨੇ ਪ੍ਰਵਾਸੀ ਲੋਕਾਂ ਦੀ ਗਿਣਤੀ ਸਬੰਧੀ ਅੰਕੜੇ ਜਾਰੀ ਕੀਤੇ ਹਨ। ਜਿਸ ਮੁਤਾਬਕ ਸਾਲ 2019-2020 ਵਿਚ 38,000 ਤੋਂ ਜ਼ਿਆਦਾ ਭਾਰਤੀ ਆਸਟ੍ਰੇਲੀਆਈ ਨਾਗਰਿਕ ਬਣੇ, ਜੋ ਪਿਛਲੇ ਸਾਲ ਨਾਲੋਂ 60 ਫ਼ੀਸਦੀ ਦਾ ਵਾਧਾ ਹੈ ਅਤੇ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਹੈ।
ਸਾਲ 2019-2020 ਵਿਚ ਆਸਟ੍ਰੇਲੀਆਈ ਨਾਗਰਿਕ ਬਣੇ 200,000 ਤੋਂ ਵਧੇਰੇ ਲੋਕਾਂ ਵਿਚੋਂ 38,209 ਭਾਰਤੀ ਹਨ, ਜੋ ਰਿਕਾਰਡ ਵਿਚ ਸਭ ਤੋਂ ਵੱਧ ਹਨ। ਇਸ ਤੋਂ ਬਾਅਦ 25,011 ਬ੍ਰਿਟਿਸ਼, 14,764 ਚੀਨੀ ਅਤੇ 8821 ਪਾਕਿਸਤਾਨੀ ਹਨ।ਆਸਟ੍ਰੇਲੀਆ ਦੇ ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ, ਪ੍ਰਵਾਸੀ ਸੇਵਾਵਾਂ ਅਤੇ ਬਹੁਸੱਭਿਆਚਾਰਕ ਮਾਮਲਿਆਂ ਦੇ ਕਾਰਜਕਾਰੀ ਮੰਤਰੀ ਐਲਨ ਟੂਡਗੇ ਨੇ ਕਿਹਾ ਕਿ ਨਾਗਰਿਕਤਾ ਸਮਾਜਿਕ ਤੌਰ 'ਤੇ ਸਹਿਯੋਗੀ, ਬਹੁਸੱਭਿਆਚਾਰਕ ਰਾਸ਼ਟਰ ਵਜੋਂ ਆਸਟ੍ਰੇਲੀਆ ਦੀ ਸਫਲਤਾ ਦਾ ਇਕ ਮਹੱਤਵਪੂਰਨ ਹਿੱਸਾ ਸੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਚੀਨੀ ਵਿਦਿਆਰਥੀਆਂ ਦੀ ਵਰਚੁਅਲ ਕਿਡਪੈਨਿੰਗ ਦੀ ਘਪਲੇਬਾਜ਼ੀ
ਟੁਡਗੇ ਨੇ ਕਿਹਾ,“ਆਸਟ੍ਰੇਲੀਆ ਦਾ ਨਾਗਰਿਕ ਬਣਨ ਦਾ ਮਤਲਬ ਇੱਥੇ ਰਹਿਣਾ ਅਤੇ ਕੰਮ ਕਰਨਾ ਹੀ ਨਹੀਂ ਸਗੋਂ ਇਹ ਸਾਡੀ ਕੌਮ, ਸਾਡੇ ਲੋਕਾਂ ਅਤੇ ਸਾਡੀਆਂ ਕਦਰਾਂ ਕੀਮਤਾਂ ਪ੍ਰਤੀ ਵਫ਼ਾਦਾਰੀ ਦਾ ਵਾਅਦਾ ਕਰਦਾ ਹੈ।ਜਦੋਂ ਕੋਈ ਦੇਸ਼ ਦਾ ਨਾਗਰਿਕ ਬਣ ਜਾਂਦਾ ਹੈ ਤਾਂ ਉਹ ਆਸਟ੍ਰੇਲੀਆ ਦੇ ਅਧਿਕਾਰਾਂ, ਆਜ਼ਾਦੀ, ਕਾਨੂੰਨਾਂ ਅਤੇ ਲੋਕਤੰਤਰੀ ਮੁੱਲਾਂ ਨੂੰ ਬਣਾਈ ਰੱਖਣ ਦਾ ਸੰਕਲਪ ਲੈਂਦਾ ਹੈ। ਇਹ ਸਾਡੀ ਸਫਲ ਬਹੁਸੱਭਿਆਚਾਰਕ ਦੇਸ਼ ਵਿਚ ਏਕੀਕ੍ਰਿਤ ਹੋਣ ਦੀ ਇੱਛਾ ਨੂੰ ਦਰਸਾਉਂਦਾ ਹੈ।" ਉਨ੍ਹਾਂ ਨੇ ਇੱਕ ਬਿਆਨ ਵਿਚ ਕਿਹਾ,“ਆਸਟ੍ਰੇਲੀਆ ਦਾ ਨਾਗਰਿਕ ਹੋਣਾ ਇੱਕ ਵਿਸ਼ਾਲ ਅਧਿਕਾਰ ਹੈ, ਜੋ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਦੋਹਾਂ ਨੂੰ ਲਿਆਉਂਦਾ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਇਹ ਮਹੱਤਵਪੂਰਨ ਕਦਮ ਚੁੱਕਿਆ ਹੈ।”
ਕੋਵਿਡ-19 ਦੇ ਚੱਲ ਰਹੇ ਸਿਹਤ ਸੰਕਟ ਵਿਚ, ਆਸਟ੍ਰੇਲੀਆਈ ਸਰਕਾਰ ਨੇ ਆਨਲਾਈਨ ਸਮਾਰੋਹ ਸ਼ੁਰੂ ਕੀਤੇ, ਜਿਸ ਵਿਚ 60,000 ਤੋਂ ਵੱਧ ਲੋਕਾਂ ਨੂੰ ਨਾਗਰਿਕਤਾ ਦਿੱਤੀ ਗਈ। ਗ੍ਰਹਿ ਮਾਮਲਿਆਂ ਸਬੰਧੀ ਵਿਭਾਗ ਨਾਗਰਿਕਤਾ ਲਈ ਇੰਟਰਵਿਊ ਅਤੇ ਕੋਵਿਡ-19 ਸਿਹਤ ਸਲਾਹ ਦੇ ਮੁਤਾਬਕ ਟੈਸਟ ਦੁਬਾਰਾ ਸ਼ੁਰੂ ਕਰ ਰਿਹਾ ਹੈ ਜਦੋਂ ਕਿ ਪਰਥ ਅਤੇ ਸਿਡਨੀ ਵਿਚ ਟੈਸਟਾਂ ਅਤੇ ਇੰਟਰਵਿਊ ਲਈ ਥੋੜ੍ਹੀਆਂ ਨਿਯੁਕਤੀਆਂ ਸ਼ੁਰੂ ਹੋ ਗਈਆਂ ਹਨ। ਆਸਟ੍ਰੇਲੀਆਈ ਅੰਕੜਾ ਬਿਊਰੋ ਦੀ 2016 ਦੀ ਮਰਦਮਸ਼ੁਮਾਰੀ ਦੇ ਮੁਤਾਬਕ, ਆਸਟ੍ਰੇਲੀਆ ਵਿਚ 619,164 ਲੋਕਾਂ ਨੇ ਐਲਾਨ ਕੀਤਾ ਕਿ ਉਹ ਨਸਲੀ ਭਾਰਤੀ ਵੰਸ਼ਵਾਦ ਦੇ ਹਨ। ਇਸ ਵਿਚ ਆਸਟ੍ਰੇਲੀਆਈ ਆਬਾਦੀ ਦਾ 2.8 ਫੀਸਦੀ ਸ਼ਾਮਲ ਹੈ। ਉਨ੍ਹਾਂ ਵਿਚੋਂ, 592,000 ਭਾਰਤ ਵਿਚ ਪੈਦਾ ਹੋਏ ਸਨ।