ਆਸਟ੍ਰੇਲੀਆ : ਜੰਗਲੀ ਅੱਗ 'ਚ 2 ਲੋਕਾਂ ਦੀ ਮੌਤ

Saturday, Nov 09, 2019 - 10:56 AM (IST)

ਆਸਟ੍ਰੇਲੀਆ : ਜੰਗਲੀ ਅੱਗ 'ਚ 2 ਲੋਕਾਂ ਦੀ ਮੌਤ

ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿਚ ਜੰਗਲੀ ਝਾੜੀਆਂ ਦੀ ਅੱਗ ਦਾ ਕਹਿਰ ਜਾਰੀ ਹੈ। ਇਸ ਅੱਗ ਵਿਚ 2 ਲੋਕਾਂ ਦੇ ਮਰਨ ਦੀ ਖਬਰ ਹੈ ਅਤੇ 7 ਹੋਰ ਦੇ ਲਾਪਤਾ ਹੋਣ ਦੀ ਸੂਚਨਾ ਹੈ। ਇਸ ਦੇ ਨਾਲ ਹੀ ਘੱਟੋ-ਘੱਟ 150 ਘਰ ਨਸ਼ਟ ਹੋ ਗਏ ਹਨ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਇਕ ਦਿਨ ਪਹਿਲਾਂ ਦਮਕਲ ਵਿਭਾਗ ਨੇ ਕਿਹਾ ਸੀ ਕਿ ਇਸ ਅੱਗ ਵਿਚ ਘੱਟੋ 30 ਲੋਕ ਜ਼ਖਮੀ ਹੋਏ ਹਨ ਅਤੇ 3 ਲਾਪਤਾ ਹਨ। ਇਕ ਸਮਾਚਾਰ ਏਜੰਸੀ ਨੇ ਮੀਡੀਆ ਦੇ ਹਵਾਲੇ ਨਾਲ ਕਿਹਾ,''ਸਾਡੀ ਹਮਦਰਦੀ ਮ੍ਰਿਤਕ ਵਿਅਕਤੀਆਂ ਦੇ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਦੇ ਨਾਲ ਹੈ।''

PunjabKesari

ਏਜੰਸੀ ਮੁਤਾਬਕ ਪਹਿਲੇ ਪੀੜਤ ਵਿਅਕਤੀ ਦੀ ਲਾਸ਼ ਰਾਜ ਦੇ ਦੂਰ ਉੱਤਰੀ ਤੱਟ 'ਤੇ ਗਲੇਨ ਇਨਸ ਦੇ ਕਸਬੇ ਨੇੜੇ ਇਕ ਗੱਡੀ ਵਿਚ ਪਾਈ ਗਈ। ਜਦਕਿ ਦੂਜੀ ਪੀੜਤ ਲੜਕੀ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਰਿਪੋਰਟ ਮੁਤਾਬਕ ਪੀੜਤਾ ਦਾ ਸਰੀਰ 40 ਤੋਂ 50 ਫੀਸਦੀ ਤੱਕ ਸੜ ਚੁੱਕਾ ਸੀ। ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੁਪਹਿਰ ਤੱਕ ਦੇਸ਼ ਦੇ ਪੂਰਬੀ ਤੱਟ ਦੇ ਨਾਲ ਭੜਕੀ ਅੱਗ ਨੇ 100 ਤੋਂ ਵੱਧ ਘਰਾਂ ਨੂੰ ਨਸ਼ਟ ਕਰ ਦਿੱਤਾ।

PunjabKesari

ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਦੇ ਖੇਤਰਾਂ ਨੂੰ ਛੱਡਣ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਖੇਤਰ ਵਿਚ ਪਿਛਲੇ ਹਫਤੇ ਹਜ਼ਾਰਾਂ ਹੈਕਟੇਅਰ ਜੰਗਲੀ ਖੇਤਰ ਵਿਚ ਅੱਗ ਲੱਗ ਗਈ ਸੀ, ਜਿਸ ਨਾਲ ਇਸ ਖੇਤਰ ਦੇ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ।


author

Vandana

Content Editor

Related News