ਸਰਹੱਦਾਂ ਦੀ ਤਾਲਾਬੰਦੀ ਨੇ ਸਤਾਏ ਆਸਟ੍ਰੇਲੀਆਈ ਵੀਜ਼ਾ ਧਾਰਕ

Sunday, Mar 22, 2020 - 08:40 AM (IST)

ਸਰਹੱਦਾਂ ਦੀ ਤਾਲਾਬੰਦੀ ਨੇ ਸਤਾਏ ਆਸਟ੍ਰੇਲੀਆਈ ਵੀਜ਼ਾ ਧਾਰਕ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਸਮੁੱਚੇ ਵਿਸ਼ਵ ‘ਚ ਕੋਰੋਨਾਵਾਇਰਸ ਦੇ ਮੋਜ਼ੂਦਾ ਪ੍ਰਕੋਪ ਅਤੇ ਅੰਤਰਰਾਸ਼ਟਰੀ ਸਰਹੱਦਾਂ ਦੀ ਹਵਾਈ ਤਾਲਾਬੰਦੀ ਦੇ ਚੱਲਦਿਆਂ ਆਸਟ੍ਰੇਲੀਆ ਤੋਂ ਬਾਹਰ ਬੈਠੇ ਅਸਥਾਈ ਆਸਟ੍ਰੇਲੀਆਈ ਵੀਜ਼ਾ ਧਾਰਕ ਕਸੂਤੀ ਸਥਿੱਤੀ ‘ਚ ਫਸ ਗਏ ਹਨ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਅਗਲੇ ਦਿਸ਼ਾ- ਨਿਰਦੇਸ਼ਾਂ ਤੱਕ ਵਿਦੇਸ਼ੀਆਂ ਦੇ ਆਪਣੇ ਦੇਸ਼ ‘ਚ ਦਾਖਲੇ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਸਿਰਫ਼ ਆਸਟ੍ਰੇਲੀਆ ਦੇ ਨਾਗਰਿਕ, ਪੀਆਰ ਜਾਂ ਕੁੱਝ ਕੁ ਵੀਜ਼ਾ ਸ਼੍ਰੇਣੀਆਂ ਦੇ ਲਾਂਘੇ ਨੂੰ ਹੀ ਪ੍ਰਵਾਨਗੀ ਦਿੱਤੀ ਗਈ ਹੈ।

ਕੌਣ ਆਸਟ੍ਰੇਲੀਆ ਆ ਸਕਦਾ ਹੈ :
1. ਆਸਟ੍ਰੇਲੀਆ ਦੇ ਨਾਗਰਿਕ। (ਸਿਟੀਜ਼ਨ)
2. ਆਸਟ੍ਰੇਲੀਆ ਦੇ ਸਥਾਈ ਵਸਨੀਕ ਜਿਹਨਾਂ ਕੋਲ ਵੀਜ਼ਾ 100, 186, 187, 189, 190, 801 ਅਤੇ 887
ਉਪਰੋਕਤ ਦੇ ਤੁਰੰਤ ਬਾਅਦ ਦੇ ਪਰਿਵਾਰਕ ਮੈਂਬਰ: ਪਤੀ/ ਪਤਨੀ, ਪੱਖੀ ਸਹਿਭਾਗੀ ਅਤੇ ਬੱਚੇ। 
3. ਨਿਊਜ਼ੀਲੈਂਡ ਪਾਸਪੋਰਟ ਧਾਰਕ। ਪਰ, ਜ਼ਰੂਰੀ ਹੈ ਕਿ ਉਹਨਾਂ ਕੋਲ ਆਪਣੀ ਆਸਟ੍ਰੇਲੀਆਈ ਰਿਹਾਇਸ਼ ਦਾ ਸਬੂਤ (ਡਰਾਈਵਿੰਗ ਲਾਈਸੈਂਸ, ਮੈਡੀਕੇਅਰ ਕਾਰਡ ਆਦਿ) ਜ਼ਰੂਰ ਹੋਵੇ। 
 

ਕੌਣ ਆਸਟ੍ਰੇਲੀਆ ਨਹੀਂ ਆ ਸਕਦਾ ਹੈ :
1. ਵਿਦਿਆਰਥੀ/ਵਿਦਿਆਰਥੀ ਸਰਪ੍ਰਸਤ ਵੀਜ਼ਾ ਧਾਰਕ
2. 485/476 ਅਸਥਾਈ ਵੀਜ਼ਾ (ਟੀ ਆਰ) ਵੀਜ਼ਾ ਧਾਰਕ
3. ਵਿਜ਼ਟਰ ਵੀਜ਼ਾ ਧਾਰਕ
4. ਬ੍ਰਿਜ਼ਿੰਗ ਵੀਜ਼ਾ ਧਾਰਕ
5. 489/491 ਵੀਜ਼ਾ ਧਾਰਕ
6. 482/407/408 ਵੀਜ਼ਾ ਧਾਰਕ
7. 417, 462 ਵੀਜ਼ਾ ਧਾਰਕ

ਇਸ ਸਮੇਂ ਆਸਟ੍ਰੇਲੀਅਨ ਸਰਕਾਰ ਵਲੋਂ ਬਾਰਡਰ ਸੀਲ ਕਰਨ ਕਰਕੇ ਬ੍ਰਿਜ਼ਿੰਗ ਵੀਜ਼ਾ ਬੀ ਨਾਲ ਉਨ੍ਹਾਂ ਦਾ ਵਾਪਸ ਮੁੜਨਾ ਮੁਸ਼ਕਲ ਹੋ ਗਿਆ ਹੈ ਅਤੇ ਕਾਨੂੰਨ ਕਹਿੰਦਾ ਹੈ ਕਿ ਬ੍ਰਿਜ਼ਿੰਗ ਵੀਜ਼ਾ ਬੀ ਵਧਾਇਆ ਨਹੀਂ ਜਾ ਸਕਦਾ। ਇੱਥੇ ਕਾਨੂੰਨੀ ਮਾਹਰਾਂ ਦੀ ਰਾਏ ਹੈ ਕਿ ਬ੍ਰਿਜ਼ਿੰਗ ਵੀਜ਼ਾ ਬੀ ਲੈ ਕੇ ਭਾਰਤ ਗਏ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਕਿਉਕਿ, ਅਜਿਹੇ ਮੌਕੇ ਲੋਕਾਂ ਦੇ ਦਾਖ਼ਲੇ ਬਾਬਤ ਵਿਜ਼ਟਰ ਵੀਜ਼ੇ ਦੀ ਅਰਜ਼ੀ ਇੰਮੀਗ੍ਰੇਸ਼ਨ ਵਿਭਾਗ ਵਲੋਂ ਹਮਦਰਦੀ ਪੂਰਵਕ ਵਿਚਾਰੀ ਜਾ ਸਕਦੀ ਹੈ। 

ਦੱਸਣਯੋਗ ਹੈ ਕਿ ਕੋਰੋਨਾਵਾਇਰਸ ਦੇ ਵੱਧ ਰਹੇ ਫੈਲਾਅ ਨੂੰ ਰੋਕਣ ਲਈ ਸਰਕਾਰਾਂ ਵਲੋਂ ਸੁਝਾਏ ਗਏ ਪ੍ਰਬੰਧਾਂ ਵਿੱਚ ਸਵੈਇੱਛਾ ਨਾਲ 14 ਦਿਨਾਂ ਦੀ ਲਾਜ਼ਮੀ ਇਕੱਲਤਾ ਅਪਨਾਉਣਾ ਵੀ ਸ਼ਾਮਿਲ ਹੈ। ਇਸਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਵੱਡੇ ਜੁਰਮਾਨੇ ਦੇ ਨਾਲ-ਨਾਲ ਜੇਲ ਵੀ ਹੋ ਸਕਦੀ ਹੈ। ਉੱਧਰ ਹਵਾਬਾਜ਼ੀ ਖੇਤਰ ‘ਚ ਮੰਦੀ ਦੇ ਰੁਝਾਨ ਦੇ ਬਾਵਜ਼ੂਦ ਨਾਮੀਂ ਹਵਾਬਾਜ਼ੀ ਕੰਪਨੀਆਂ ਅਧਿਕ ਕਿਰਾਏ ਵਸੂਲ ਰਹੀਆਂ ਹਨ। ਇਸ ਵੇਲੇ ਦਿੱਲੀ ਤੋਂ ਆਸਟ੍ਰੇਲੀਆ ਦੇ ਕਿਸੇ ਵੀ ਸ਼ਹਿਰ ਲਈ ਇਕ ਪਾਸੇ ਦਾ ਕਿਰਾਇਆ ਤਕਰੀਬਨ 80,000 ਤੋਂ 90,000 ਹਜ਼ਾਰ ਭਾਰਤੀ ਰੁਪਏ ਹੈ। (ਤਕਰੀਬਨ $2000 ਆਸਟ੍ਰੇਲੀਆਈ ਡਾਲਰ)। 

ਪੜ੍ਹੋ ਇਹ ਅਹਿਮ ਖਬਰ- 'ਇਕ ਬਿੰਦੂ ਤੋਂ ਵੀ 2 ਹਜ਼ਾਰ ਗੁਣਾ ਛੋਟਾ ਹੈ ਕੋਰੋਨਾਵਾਇਰਸ'

ਇਸ ਲੁੱਟ-ਖਸੁੱਟ ਦੇ ਚੱਲਦਿਆਂ ਅੰਤਰਰਾਸ਼ਟਰੀ ਯਾਤਰੀਆਂ ਨੂੰ ਏਅਰ ਪੋਰਟਾਂ ਉੱਤੇ ਹਵਾਬਾਜ਼ੀ ਕੰਪਨੀਆਂ ਦੇ ਸਟਾਫ਼ ਵਲੋਂ ਖੱਜ਼ਲ ਕਰਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਕਿਆਸ-ਅਰਾਈ ਹੈ ਕਿ ਆਉਦੇ ਕੁੱਝ ਦਿਨਾਂ ‘ਚ ਇਹ ਇਕ ਪਾਸੇ (ਵੰਨ ਵੇਅ) ਦੇ ਕਿਰਾਏ 5,000 ਆਸਟ੍ਰੇਲੀਆਈ ਡਾਲਰ ਤੱਕ ਵਸੂਲੇ ਜਾ ਸਕਦੇ ਹਨ। ਨਾਲ ਹੀ ਨਿਊਜ਼ੀਲੈਂਡ ਪਾਸਪੋਰਟ ਧਾਰਕਾਂ ਨੂੰ ਆਸਟ੍ਰੇਲੀਆ ਦਾਖ਼ਲੇ ਲਈ ਏਅਰ ਪੋਰਟਾਂ ‘ਤੇ ਨਜ਼ਾਇਜ ਰੋਕਿਆ ਜਾ ਰਿਹਾ ਹੈ। ਜਦਕਿ ਉਹ ਆਸਟ੍ਰੇਲੀਆ ‘ਚ ਆਪਣਾ ਰਿਹਾਇਸ਼ੀ ਸਬੂਤ ਦਿਖਾ ਹੁਣ ਵੀ ਕਾਨੂੰਨੀ ਦਾਖਲਾ ਲੈ ਸਕਦੇ ਹਨ। ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਇੰਮੀਗ੍ਰੇਸ਼ਨ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਆਸਟ੍ਰੇਲੀਆ ਵਿੱਚ ਫ਼ਸੇ ਹੋਏ ਸਾਰੇ ਵਿਜ਼ਟਰਾਂ ਦੀ 8503 ਵਾਲੀ ਸ਼ਰਤ ਨੂੰ ਤੁਰੰਤ ਰੱਦ ਕਰਕੇ ਵਿਜ਼ਟਰ ਵੀਜ਼ਾ ਵਧਾਉਣ ਦੀ ਅਰਜ਼ੀ ਦੇ ਦਾਖ਼ਲੇ ਨੂੰ ਪ੍ਰਵਾਨਗੀ ਦੇਣ ਤਾਂ ਜੋ ਵੀਜ਼ਾ ਧਾਰਕ ਬ੍ਰਿਜ਼ਿੰਗ ਵੀਜ਼ੇ 'ਤੇ ਵਾਪਿਸ ਮੁੜ ਸਕਣ। 

ਉੱਧਰ ਅੰਮ੍ਰਿਤਸਰ ਵਿਕਾਸ ਮੰਚ (ਐਨ.ਜੀ.ਓ.) ਦੇ ਓਵਰਸੀਜ਼ ਸਕੱਤਰ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸ. ਸਮੀਪ ਸਿੰਘ ਗੁਮਟਾਲਾ ਨੇ ਨਾਮੀਂ ਹਵਾਈ ਕੰਪਨੀਆਂ ਨੂੰ ਆਪਣੀ ਟਵੀਟ ‘ਚ ਕਿਹਾ ਹੈ ਕਿ ਇਸ ਮਹਾਮਾਰੀ ਦੀ ਤ੍ਰਾਸਦੀ ਦੇ ਚੱਲਦਿਆਂ ਯਾਤਰੀਆਂ ਦੀ ਹਰ ਸੰਭਵ ਮੱਦਦ ਕਰਨ ਅਤੇ ਅਧਿਕ ਕਿਰਾਇਆ ਵਸੂਲਣ ਤੋਂ ਗੁਰੇਜ਼ ਕਰਨ। ਬਹੁਤ ਸਾਰੇ ਯਾਤਰੀ ਜ਼ਿਹੜੇ ਕਿ ਹੁਣ ਨਵੇਂ ਨਿਯਮਾਂ ਕਾਰਨ ਭਾਰਤ ਨਹੀਂ ਆ ਜਾ ਸਕਦੇ ਨੂੰ ਵੀ ਹਵਾਈ ਕੰਪਨੀਆਂ ਉਹਨਾਂ ਨੂੰ ਪੈਸੇ ਵਾਪਸ ਨਹੀਂ ਕਰ ਰਹੀਆਂ ਤੇ ਭਵਿੱਖ ਵਿੱਚ ਨਵੀਂ ਤਰੀਕ 'ਤੇ ਟਿਕਟ ਖਰੀਦਣ ਲਈ ਵਰਤਣ ਵਾਸਤੇ ਕਹਿ ਰਹੀਆਂ ਹਨ।
 


author

Vandana

Content Editor

Related News