ਜੰਗਲਾਂ ਨੂੰ ਮੁੜ ਹਰਿਆਵਲ ਕਰਨ ਲਈ ਆਸਟ੍ਰੇਲੀਆ ਖਰਚੇਗਾ 50 ਮਿਲੀਅਨ ਡਾਲਰ
Tuesday, Jan 14, 2020 - 01:13 PM (IST)

ਸਿਡਨੀ— ਆਸਟ੍ਰੇਲੀਆ ਦੇ ਜੰਗਲਾਂ ਦੀ ਅੱਗ ਨਾਲ ਦੁਨੀਆ ਭਰ ਦੇ ਲੋਕ ਚਿੰਤਾ 'ਚ ਹਨ। ਲੱਖਾਂ ਜੀਵਾਂ ਦੇ ਨਾਲ-ਨਾਲ ਕਰੋੜਾਂ ਰੁਪਏ ਦੀ ਜਾਇਦਾਦ ਸੜ ਕੇ ਸਵਾਹ ਹੋ ਚੁੱਕੀ ਹੈ। ਇਸ ਦੇ ਇਲਾਵਾ 27 ਲੋਕਾਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ। 2000 ਘਰ ਸੜ ਗਏ ਹਨ ਤੇ ਲੋਕ ਘਰੋਂ ਬੇਘਰ ਹੋ ਕੇ ਸ਼ੈਲਟਰ ਹੋਮਜ਼ 'ਚ ਰਹਿਣ ਲਈ ਮਜਬੂਰ ਹਨ। ਆਸਟ੍ਰੇਲੀਆਈ ਅਧਿਕਾਰੀਆਂ ਨੇ ਇਲਾਕੇ ਨੂੰ ਫਿਰ ਤੋਂ ਜੰਗਲੀ ਜੀਵਾਂ ਦੀ ਰੱਖਿਆ ਕਰਨ ਅਤੇ ਇਸ ਜੰਗਲੀ ਖੇਤਰ ਨੂੰ ਮੁੜ ਹਰਿਆਵਲ ਕਰਨ ਲਈ 50 ਮਿਲੀਅਨ ਆਸਟ੍ਰੇਲੀਆਈ ਡਾਲਰ (34.5 ਮਿਲੀਅਨ ਡਾਲਰ) ਖਰਚ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਰਕਮ ਨਾਲ ਇਸ ਜੰਗਲੀ ਖੇਤਰ ਨੂੰ ਫਿਰ ਤੋਂ ਉਸ ਰੂਪ 'ਚ ਵਿਕਸਿਤ ਕੀਤਾ ਜਾਵੇਗਾ, ਜਿਵੇਂ ਕਿ ਇਹ ਪਹਿਲਾਂ ਸੀ।
ਵਿਸ਼ਵ ਦੀ ਸਭ ਤੋਂ ਵੱਡੀ ਫਾਇਰ ਸਰਵਿਸ ਕਰ ਰਹੀ ਬਚਾਅ ਕਾਰਜ—
ਅੱਗ ਤੋਂ ਬਚਾਅ ਲਈ ਵਿਸ਼ਵ ਦੀ ਸਭ ਤੋਂ ਵੱਡੀ ਫਾਇਰ ਸਰਵਿਸ ਕੰਮ ਕਰ ਰਹੀ ਹੈ। ਇਸ ਸਰਵਿਸ ਨਾਲ 74 ਹਜ਼ਾਰ ਲੋਕ ਜੁੜੇ ਹੋਏ ਹਨ। ਇਹ ਸਾਰੇ ਅੱਗ ਬੁਝਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਹਾਲਾਂਕਿ ਵਿਸ਼ਵ ਭਰ ’ਚੋਂ ਵੀ ਹਜ਼ਾਰਾਂ ਲੋਕ ਵਲੰਟੀਅਰਜ਼ ਵਜੋਂ ਮਦਦ ਦੇ ਰਹੇ ਹਨ। ਬਹੁਤ ਸਾਰੇ ਲੋਕ ਜੰਗਲੀ ਜਾਨਵਰਾਂ ਦੀ ਸੇਵਾ ਕਰ ਰਹੇ ਹਨ।