ਆਸਟ੍ਰੇਲੀਆ ਕੱਟੜਪੰਥੀ ਸਮੂਹ ''ਦਿ ਬੇਸ'', ਹਿਜ਼ਬੁੱਲਾ ਨੂੰ ''ਅੱਤਵਾਦੀ ਸੰਗਠਨ'' ਕਰੇਗਾ ਘੋਸ਼ਿਤ

Wednesday, Nov 24, 2021 - 12:55 PM (IST)

ਆਸਟ੍ਰੇਲੀਆ ਕੱਟੜਪੰਥੀ ਸਮੂਹ ''ਦਿ ਬੇਸ'', ਹਿਜ਼ਬੁੱਲਾ ਨੂੰ ''ਅੱਤਵਾਦੀ ਸੰਗਠਨ'' ਕਰੇਗਾ ਘੋਸ਼ਿਤ

ਕੈਨਬਰਾ (ਏਪੀ)- ਆਸਟ੍ਰੇਲੀਆ ਸੱਜੇ ਪੱਖੀ ਕੱਟੜਪੰਥੀ ਸਮੂਹ 'ਦਿ ਬੇਸ' ਅਤੇ ਲੇਬਨਾਨੀ ਸਮੂਹ ਹਿਜ਼ਬੁੱਲਾ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਜਾ ਰਿਹਾ ਹੈ ਕਿਉਂਕਿ ਰਾਸ਼ਟਰੀ ਸੁਰੱਖਿਆ ਸੇਵਾਵਾਂ ਨਵ-ਨਾਜ਼ੀ ਅਤੇ ਹੋਰ ਕੱਟੜਪੰਥੀ ਵਿਚਾਰਧਾਰਾਵਾਂ ਤੋਂ ਪ੍ਰੇਰਿਤ ਘਟਨਾਵਾਂ ਵਿੱਚ ਵਾਧੇ ਨਾਲ ਜੂਝ ਰਹੀਆਂ ਹਨ। ਨਿਓ-ਨਾਜ਼ੀ ਸਫੈਦ ਸਰਬੋਤਮਤਾ ਨੂੰ ਮੰਨਣ ਵਾਲੇ ਸਮੂਹ 'ਦਿ ਬੇਸ' ਦੀ ਸਥਾਪਨਾ 2018 ਵਿੱਚ ਅਮਰੀਕਾ ਵਿੱਚ ਹੋਈ ਸੀ। ਗ੍ਰਹਿ ਸਕੱਤਰ ਕੈਰੇਨ ਐਂਡਰਿਊਜ਼ ਨੇ ਬੁੱਧਵਾਰ ਨੂੰ ਦੱਸਿਆ ਕਿ ਬ੍ਰਿਟੇਨ ਦੇ ਸੰਗਠਨ 'ਸੋਨੇਨਕ੍ਰੀਗ ਡਿਵੀਜ਼ਨ' ਤੋਂ ਬਾਅਦ ਪਾਬੰਦੀਸ਼ੁਦਾ ਸੂਚੀ ਵਿੱਚ ਸ਼ਾਮਲ ਹੋਣ ਵਾਲਾ ਇਹ ਦੂਜਾ ਸੱਜੇ-ਪੱਖੀ ਸੰਗਠਨ ਹੋਵੇਗਾ। 

ਆਸਟ੍ਰੇਲੀਆ ਦੀ ਸੂਚੀ ਵਿਚ ਬਾਕੀ 25 ਅੱਤਵਾਦੀ ਸੰਗਠਨ ਮੁਸਲਿਮ ਸਮੂਹ ਹਨ, ਜਿਨ੍ਹਾਂ ਵਿਚ ਹਿਜ਼ਬੁੱਲਾ ਦਾ ਬਾਹਰੀ ਸੁਰੱਖਿਆ ਸੰਗਠਨ ਵੀ ਸ਼ਾਮਲ ਹੈ, ਜਿਸ ਨੂੰ 2003 ਵਿਚ ਆਸਟ੍ਰੇਲੀਆ ਦੇ ਅਪਰਾਧਿਕ ਕੋਡ ਦੇ ਤਹਿਤ ਪਾਬੰਦੀਸ਼ੁਦਾ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ। ਹਿਜ਼ਬੁੱਲਾ ਨਾਲ ਸਬੰਧਤ ਕੋਈ ਵੀ ਸੰਗਠਨ, ਉਸ ਦਾ ਮੈਂਬਰ ਹੋਣਾ ਜਾਂ ਉਸ ਦਾ ਸਮਰਥਨ ਕਰਨਾ ਇੱਕ ਅਪਰਾਧਿਕ ਕਾਰਵਾਈ ਮੰਨਿਆ ਜਾਵੇਗਾ। ਐਂਡਰਿਊਜ਼ ਨੇ ਕਿਹਾ ਕਿ ਅੱਤਵਾਦੀ ਸੰਗਠਨਾਂ ਦੀ ਨਜ਼ਰ ਆਸਟ੍ਰੇਲੀਆ 'ਤੇ ਹੈ ਕਿਉਂਕਿ ਦੇਸ਼ ਨੇ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਹਨ ਅਤੇ ਮਹਾਮਾਰੀ ਸੰਬੰਧੀ ਪਾਬੰਦੀਆਂ ਹਟਾ ਦਿੱਤੀਆਂ ਹਨ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਜਨਵਰੀ 2022 ਤੋਂ ਹੌਲੀ-ਹੌਲੀ ਖੋਲ੍ਹੇਗਾ ਸਰਹੱਦਾਂ

ਐਂਡਰਿਊਜ਼ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇੱਥੇ ਆਸਟ੍ਰੇਲੀਆ ਅਤੇ ਪੂਰੀ ਦੁਨੀਆ ਵਿੱਚ ਅੱਤਵਾਦ ਦਾ ਖ਼ਤਰਾ ਹੈ। ਅਸੀਂ ਹਾਲ ਹੀ ਵਿੱਚ ਯੂਕੇ ਅਤੇ ਨਿਊਜ਼ੀਲੈਂਡ ਦੋਵਾਂ ਵਿੱਚ ਅਜਿਹੀਆਂ ਘਟਨਾਵਾਂ ਦੇਖੀਆਂ ਹਨ। ਐਂਡਰਿਊਜ਼ ਵ੍ਹਾਈਟ ਸਰਬੋਤਮਤਾ ਦੀ ਮਾਨਸਿਕਤਾ ਦੇ ਸ਼ਿਕਾਰ ਆਸਟ੍ਰੇਲੀਆਈ ਸ਼ਖਸ ਬਰੈਂਟਨ ਟੈਰੈਂਟ ਦਾ ਜ਼ਿਕਰ ਕਰ ਰਹੀ ਸੀ, ਜਿਸ ਨੇ 2019 ਵਿੱਚ ਨਿਊਜ਼ੀਲੈਂਡ ਵਿੱਚ ਦੋ ਮਸਜਿਦਾਂ 'ਤੇ ਹਮਲਾ ਕੀਤਾ ਸੀ। ਇਸ ਘਟਨਾ 'ਚ 51 ਲੋਕਾਂ ਦੀ ਮੌਤ ਹੋ ਗਈ ਸੀ। 

ਆਸਟ੍ਰੇਲੀਆ ਦੀ ਅੱਤਵਾਦ ਵਿਰੋਧੀ ਖੁਫੀਆ ਇਕਾਈ ਦੇ ਮੁਖੀ ਮਾਈਕ ਬਰਗੇਸ ਨੇ ਅਗਸਤ ਵਿਚ ਚਿਤਾਵਨੀ ਦਿੱਤੀ ਸੀ ਕਿ 16 ਸਾਲ ਤੋਂ ਘੱਟ ਉਮਰ ਦੇ ਆਸਟ੍ਰੇਲੀਅਨ ਨਾਬਾਲਗਾਂ ਨੂੰ ਗੋਰੇ ਸਰਬੋਤਮਵਾਦ ਦੀ ਵਿਚਾਰਧਾਰਾ ਦਾ ਸਮਰਥਨ ਕਰਨ ਲਈ ਕੱਟੜਪੰਥੀ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆਈ ਸੁਰੱਖਿਆ ਖੁਫੀਆ ਸੰਸਥਾਵਾਂ ਨੂੰ ਰਿਪੋਰਟ ਕੀਤੇ ਗਏ ਅੱਧੇ ਤੋਂ ਵੱਧ ਕੇਸ ਨਵ-ਨਾਜ਼ੀ ਵਿਚਾਰਧਾਰਾਵਾਂ ਅਤੇ ਹੋਰ ਵਿਚਾਰਧਾਰਾਵਾਂ ਤੋਂ ਪ੍ਰੇਰਿਤ ਸਮੂਹਾਂ ਦੇ ਸਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News