ਆਸਟ੍ਰੇਲੀਆ ''ਚ ਬਣੇਗਾ ਧਰਤੀ ਦਾ ''ਬਲੈਕ ਬਾਕਸ'', ਜਲਵਾਯੂ ਤਬਦੀਲੀ ਅਤੇ ਹੋਰ ਖਤਰਿਆਂ ਨੂੰ ਕਰੇਗਾ ਰਿਕਾਰਡ

Tuesday, Dec 07, 2021 - 01:36 PM (IST)

ਆਸਟ੍ਰੇਲੀਆ ''ਚ ਬਣੇਗਾ ਧਰਤੀ ਦਾ ''ਬਲੈਕ ਬਾਕਸ'', ਜਲਵਾਯੂ ਤਬਦੀਲੀ ਅਤੇ ਹੋਰ ਖਤਰਿਆਂ ਨੂੰ ਕਰੇਗਾ ਰਿਕਾਰਡ

ਮੈਲਬੌਰਨ (ਬਿਊਰੋ): ਤੁਸੀਂ ਅਕਸਰ ਜਹਾਜ਼ਾਂ ਦੇ ਬਲੈਕ ਬਾਕਸ ਬਾਰੇ ਸੁਣਿਆ ਹੋਵੇਗਾ ਪਰ ਹੁਣ ਧਰਤੀ ਦਾ ਵੀ ਬਲੈਕ ਬਾਕਸ ਬਣਨ ਜਾ ਰਿਹਾ ਹੈ। ਧਰਤੀ ਦਾ ਇਹ ਬਲੈਕ ਬਾਕਸ ਜਲਵਾਯੂ ਪਰਿਵਰਤਨ ਅਤੇ ਮਨੁੱਖ ਦੁਆਰਾ ਪੈਦਾ ਕੀਤੇ ਹੋਰ ਖਤਰਿਆਂ ਨੂੰ ਰਿਕਾਰਡ ਕਰੇਗਾ। ਇਸ ਦੇ ਨਾਲ ਹੀ ਮਨੁੱਖੀ ਸੱਭਿਅਤਾ ਦੇ ਪਤਨ ਦੀ ਕਹਾਣੀ ਵੀ ਦਰਜ ਕਰੇਗਾ। ਇਹ ਬਲੈਕ ਬਾਕਸ ਲਗਭਗ 32 ਫੁੱਟ ਲੰਬਾ ਹੋਵੇਗਾ ਅਤੇ ਕਦੇ ਨਾ ਟੁੱਟਣ ਵਾਲੇ ਸਟੀਲ ਤੋਂ ਬਣਾਇਆ ਜਾਵੇਗਾ। ਇਹ ਆਸਟ੍ਰੇਲੀਆ ਦੇ ਤਸਮਾਨੀਆ ਵਿੱਚ ਬਣਾਇਆ ਜਾਵੇਗਾ।

ਇਸ ਸਟੀਲ ਦੇ ਬਲੈਕ ਬਾਕਸ ਨੂੰ ਹਾਰਡ ਡਰਾਈਵਾਂ ਨਾਲ ਭਰਿਆ ਜਾਵੇਗਾ, ਜਿਸ ਵਿਚ ਧਰਤੀ ਦੀ ਤਬਾਹੀ ਬਾਰੇ ਪੂਰੀ ਜਾਣਕਾਰੀ 'ਬਿਨਾਂ ਕਿਸੇ ਪੱਖਪਾਤ ਦੇ' ਦਰਜ ਕੀਤੀ ਜਾਵੇਗੀ। ਇਹ ਬਲੈਕ ਬਾਕਸ ਜਲਵਾਯੂ ਤੋਂ ਤਾਪਮਾਨ, ਸਮੁੰਦਰ ਦਾ ਪੱਧਰ, ਜਲਵਾਯੂ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਅਤੇ ਹੋਰ ਬਹੁਤ ਕੁਝ ਡਾਟਾ ਇਕੱਠਾ ਕਰੇਗਾ ਤਾਂ ਜੋ ਇਸ ਗੱਲ ਦਾ ਦਸਤਾਵੇਜ਼ ਬਣਾਇਆ ਜਾ ਸਕੇ ਕਿ ਕਿਵੇਂ ਮਨੁੱਖਤਾ ਜਲਵਾਯੂ ਤਬਾਹੀ ਨੂੰ ਰੋਕਣ ਵਿੱਚ ਅਸਫਲ ਰਹੀ। ਖੋਜੀਆਂ ਦਾ ਕਹਿਣਾ ਹੈ ਕਿ ਇਹ ਜਹਾਜ਼ 'ਚ ਲੱਗੇ ਬਲੈਕ ਬਾਕਸ ਦੀ ਤਰ੍ਹਾਂ ਹੋਵੇਗਾ ਜੋ ਜਹਾਜ਼ ਦੀ ਸਥਿਤੀ ਨੂੰ ਰਿਕਾਰਡ ਕਰਦਾ ਹੈ ਅਤੇ ਦੁਰਘਟਨਾ ਦੀ ਸਥਿਤੀ 'ਚ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਦਾ ਹੈ।

ਇੰਨੀ ਹੋਵੇਗੀ ਕੀਮਤ
ਇਸ ਵਿਚਕਾਰ ਵਿਗਿਆਨੀ ਹਾਲੇ ਇਸ ਗੱਲ 'ਤੇ ਕੰਮ ਕਰ ਰਹੇ ਹਨ ਕਿ ਜੇਕਰ ਧਰਤੀ ਤਬਾਹ ਹੋ ਜਾਂਦੀ ਹੈ ਅਤੇ ਇਸ ਵਿੱਚ ਕੋਈ ਬਚਦਾ ਹੈ ਤਾਂ ਉਹ ਵਿਅਕਤੀ ਇਸ ਬਲੈਕ ਬਾਕਸ ਦੀ ਵਰਤੋਂ ਕਿਵੇਂ ਕਰੇਗਾ? ਇਹ ਮੰਨਿਆ ਜਾਂਦਾ ਹੈ ਕਿ ਮਨੁੱਖਾਂ ਦਾ ਸਿਰਫ ਇੱਕ ਛੋਟਾ ਸਮੂਹ ਹੀ ਬਚ ਸਕਦਾ ਹੈ ਅਤੇ ਉਹ ਇਹ ਜਾਣ ਸਕਣਗੇ ਕਿ ਕਿਵੇਂ ਮਹਾਨ ਅੱਗਾਂ, ਹੜ੍ਹਾਂ ਅਤੇ ਸੋਕੇ ਨੇ ਮਨੁੱਖੀ ਸਭਿਅਤਾ ਦਾ ਅੰਤ ਕੀਤਾ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਸੂਰਜੀ ਊਰਜਾ ਵਾਲੇ ਬਾਕਸ ਦੀ ਕੀਮਤ ਕਿੰਨੀ ਹੋਵੇਗੀ।

ਪੜ੍ਹੋ ਇਹ ਅਹਿਮ ਖ਼ਬਰ- ਨਾਸਾ ਨੇ 10 ਨਵੇਂ ਪੁਲਾੜ ਯਾਤਰੀਆਂ ਦੀ ਕੀਤੀ ਚੋਣ

ਇਸ ਬਲੈਕ ਬਾਕਸ ਦਾ ਨਿਰਮਾਣ 2022 ਦੇ ਮੱਧ ਤੱਕ ਸ਼ੁਰੂ ਹੋਣ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਕੁਝ ਉਸੇ ਤਰ੍ਹਾਂ ਦਾ ਹੋਵੇਗਾ ਜਿਵੇਂ ਕਿ 1968 'ਚ ਆਈ ਫਿਲਮ '2001: ਏ ਸਪੇਸ ਓਡੀਸੀ' 'ਚ  ਬਲੈਕ ਮੋਨੋਲਿਥ ਨੂੰ ਦਿਖਾਇਆ ਗਿਆ ਹੈ। ਮਾਰਕੀਟਿੰਗ ਕੰਪਨੀ ਕਲੇਮੇਂਜਰ ਬੀਬੀਡੀਓ ਯੂਨੀਵਰਸਿਟੀ ਆਫ ਤਸਮਾਨੀਆ ਦੀ ਮਦਦ ਨਾਲ ਇਹ ਪ੍ਰਾਜੈਕਟ ਬਣਾ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਦਾ ਮਕਸਦ ਇਹ ਹੈ ਕਿ ਜੇਕਰ ਆਉਣ ਵਾਲੇ ਸਾਲਾਂ 'ਚ ਧਰਤੀ 'ਤੇ ਮਨੁੱਖੀ ਸਭਿਅਤਾ ਖਤਮ ਹੋ ਜਾਂਦੀ ਹੈ ਤਾਂ ਜੋ ਲੋਕ ਬਚੇ ਹਨ, ਉਨ੍ਹਾਂ ਨੂੰ ਇਸ ਦੇ ਜ਼ਰੀਏ ਪਤਾ ਲੱਗ ਜਾਵੇਗਾ ਕਿ ਅਸਲ ਵਿਚ ਕੀ ਹੋਇਆ ਸੀ।

ਬਲੈਕ ਬਾਕਸ ਦੇ ਨਿਰਮਾਣ ਲਈ ਇਸ ਲਈ ਤਸਮਾਨੀਆ ਨੂੰ ਚੁਣਿਆ ਗਿਆ

ਇਸ ਬਲੈਕ ਬਾਕਸ ਨੂੰ ਮਾਲਟੀ, ਨਾਰਵੇ ਅਤੇ ਕਤਰ ਵਿਚ ਵੀ ਲਗਾਉਣ 'ਤੇ ਚਰਚਾ ਹੋਈ ਸੀ ਪਰ ਤਸਮਾਨੀਆ ਦੀ ਭੂ-ਰਾਜਨੀਤਕ ਅਤੇ ਭੂ-ਵਿਗਿਆਨਕ ਸਥਿਰਤਾ ਬਿਹਤਰ ਪਾਈ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਤਸਮਾਨੀਆ 'ਚ ਸੂਰਜ ਨਿਕਲੇਗਾ ਤਾਂ ਸੂਰਜੀ ਊਰਜਾ ਦੀ ਮਦਦ ਨਾਲ ਵਿਗਿਆਨਕ ਡਾਟਾ ਰਿਕਾਰਡ ਕੀਤਾ ਜਾਵੇਗਾ। ਇਸ ਵਿੱਚ ਸਮੁੰਦਰ ਦਾ ਪੱਧਰ, ਤਾਪਮਾਨ, ਸਮੁੰਦਰ ਦਾ ਤੇਜ਼ਾਬੀਕਰਨ, ਕਾਰਬਨ ਡਾਈਆਕਸਾਈਡ, ਜੀਵ-ਜੰਤੂਆਂ ਦਾ ਵਿਨਾਸ਼, ਸੰਸਾਰ ਦੇ ਵੱਖ-ਵੱਖ ਸਥਾਨਾਂ ਵਿੱਚ ਜ਼ਮੀਨ ਦੀ ਵਰਤੋਂ ਵਿੱਚ ਬਦਲਾਅ ਆਦਿ ਸ਼ਾਮਲ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News