ਆਸਟ੍ਰੇਲੀਆ : ਸਫ਼ਲ ਹੋ ਨਿਬੜਿਆ 'ਤੀਜਾ ਰੌਇਲ ਕਿੰਗਜ਼ ਇੰਟਰਨੈਸ਼ਨਲ ਕਬੱਡੀ ਕੱਪ'
Thursday, Apr 28, 2022 - 06:03 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)- ਬੀਤੇ ਐਤਵਾਰ ਮੈਲਬੌਰਨ ਦੇ ਕਲਾਈਡ ਨੌਰਥ ਵਿੱਚ ਤੀਜਾ ਰੌਇਲ ਕਿੰਗਜ਼ ਇੰਟਰਨੈਸ਼ਨਲ ਕਬੱਡੀ ਕੱਪ ਕਰਵਾਇਆ ਗਿਆ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਹਾਜ਼ਰੀ ਭਰੀ। ਇਸ ਮੌਕੇ ਕਬੱਡੀ ਤੋਂ ਇਲਾਵਾ ਬੱਚਿਆਂ ਦੀਆਂ ਦੌੜਾਂ ਅਤੇ ਫੁੱਟਬਾਲ ਮੈਚ ਵੀ ਕਰਵਾਏ ਗਏ। ਕਬੱਡੀ ਮੈਚ ਆਸਟ੍ਰੇਲੀਆ, ਕੈਨੇਡਾ, ਅਮਰੀਕਾ ਅਤੇ ਭਾਰਤ ਦੀਆਂ ਟੀਮਾਂ ਵਿਚਕਾਰ ਖੇਡੇ ਗਏ। ਕਬੱਡੀ ਦਾ ਫਾਈਨਲ ਮੁਕਾਬਲਾ ਆਸਟ੍ਰੇਲੀਆ ਅਤੇ ਭਾਰਤ ਦੀ ਟੀਮ ਵਿਚਕਾਰ ਖੇਡਿਆ ਗਿਆਸ ਜਿਸ ਵਿਚ ਆਸਟ੍ਰੇਲੀਆ ਦੀ ਟੀਮ ਜੇਤੂ ਰਹੀ। ਜੇਤੂ ਟੀਮ ਨੂੰ ਪੰਦਰਾਂ ਹਜ਼ਾਰ ਡਾਲਰ ਅਤੇ ਉਪ ਜੇਤੂ ਟੀਮ ਨੂੰ ਗਿਆਰਾਂ ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।
ਕੈਨੇਡਾ ਅਤੇ ਅਮਰੀਕਾ ਦੀਆਂ ਟੀਮਾਂ ਕ੍ਰਮਵਾਰ ਤੀਜੇ ਅਤੇ ਚੌਥੇ ਦਰਜੇ ਤੇ ਰਹੀਆਂ ਤੇ ਇਹ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ ਨੌ ਹਜਾਰ ਅਤੇ ਸੱਤ ਹਜ਼ਾਰ ਡਾਲਰ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਭਾਰਤੀ ਕੌਂਸਲੇਟ ਰਾਜ ਕੁਮਾਰ ਅਤੇ ਬਹੁ ਸਭਿਆਚਾਰਕ ਮੰਤਰੀ ਜੈਸਨ ਵੁੱਡ ਨੇ ਹਾਜ਼ਰੀ ਭਰੀ ਅਤੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ। ਅਰਸ਼ ਚੋਹਲਾ ਸਾਹਿਬ ਤੇ ਅੰਮ੍ਰਿਤ ਔਲਖ ਨੂੰ 'ਸਰਵੋਤਮ ਜਾਫੀ' ਜਦਕਿ ਅੰਬਾਂ ਸੁਰਸਿੰਘ ਅਤੇ ਵਿਨੈ ਖੱਤਰੀ ਨੂੰ 'ਸਰਵੋਤਮ ਰੇਡਰ' ਵਜੋਂ ਚੁਣਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਦੱਖਣੀ ਕੋਰੀਆ ਬਣਾਉਣ ਜਾ ਰਿਹਾ 'ਫਲੋਟਿੰਗ ਸਿਟੀ', ਰਹਿ ਸਕਣਗੇ 1 ਲੱਖ ਲੋਕ (ਤਸਵੀਰਾਂ)
ਇਸ ਖੇਡ ਮੇਲੇ ਵਿੱਚ ਪ੍ਰਸਿੱਧ ਕਬੱਡੀ ਖਿਡਾਰੀਆਂ ਨੇ ਆਪਣੀ ਖੇਡ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਰੁਪਿੰਦਰ ਜਲਾਲ, ਗੱਗੀ ਮਾਨ ਅਤੇ ਰੋਜ਼ੀ ਖਹਿਰਾ ਨੇ ਕੁਮੈਂਟਰੀ ਦੀ ਸੇਵਾ ਨਿਭਾਈ। ਪ੍ਰਸਿੱਧ ਗਾਇਕ ਸਰਬਜੀਤ ਚੀਮਾ ਅਤੇ ਧੀਰਾ ਗਿੱਲ ਨੇ ਵੀ ਇਸ ਖੇਡ ਮੇਲੇ ਵਿੱਚ ਹਾਜ਼ਰੀ ਭਰੀ ਅਤੇ ਦਰਸ਼ਕਾਂ ਨੂੰ ਆਪਣੇ ਗੀਤਾਂ ਦੇ ਮੁਖੜੇ ਸੁਣਾਏ। ਮੇਲੇ ਨੂੰ ਸਫਲ ਬਣਾਉਣ ਲਈ ਮੇਲਾ ਪ੍ਰਬੰਧਕ ਜਗਦੀਪ ਸਿੰਘ, ਕਮਲ ਧਾਲੀਵਾਲ ਤੇ ਸਮੁੱਚੀ ਟੀਮ ਨੇ ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।