ਆਸਟ੍ਰੇਲੀਆ : ਜੰਗਲੀ ਅੱਗ ਕਾਰਨ ਕਈ ਰਾਹ ਬੰਦ, ਸਮੁੰਦਰੀ ਰਸਤਿਓਂ ਭੇਜੀ ਗਈ ਮਦਦ

01/01/2020 2:04:28 PM

ਸਿਡਨੀ— ਆਸਟ੍ਰੇਲੀਆ 'ਚ ਜੰਗਲੀ ਅੱਗ ਨੇ ਕਈ ਸ਼ਹਿਰਾਂ ਨੂੰ ਜੋੜਨ ਵਾਲੇ ਰਾਹ ਬੰਦ ਕਰ ਦਿੱਤੇ ਹਨ। ਬੁੱਧਵਾਰ ਨੂੰ ਫੌਜੀ ਜਹਾਜ਼ਾਂ ਨੂੰ ਤਾਇਨਾਤ ਕੀਤਾ ਗਿਆ ਤਾਂ ਕਿ ਜੰਗਲੀ ਅੱਗ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਵੱਡੀ ਗਿਣਤੀ 'ਚ ਇਸ ਖੇਤਰ 'ਚ ਸੈਲਾਨੀ ਮੌਜੂਦ ਹਨ ਤੇ ਲੋਕਾਂ ਨੂੰ ਜਾਨ ਬਚਾਉਣ ਲਈ ਸਮੁੰਦਰ ਵੱਲ ਭੱਜਣਾ ਪਿਆ। ਦੱਸ ਦਈਏ ਕਿ ਇੱਥੇ ਅੱਗ ਕਾਰਨ 200 ਘਰ ਸੜ ਕੇ ਸਵਾਹ ਹੋ ਗਏ ਹਨ। ਨਿਊ ਸਾਊਥ ਵੇਲਜ਼ 'ਚ 176 ਘਰ ਅਤੇ ਈਸਟ ਗਿਪਸਲੈਂਡ 'ਚ 43 ਘਰ ਬਰਬਾਦ ਹੋਏ।

PunjabKesari


ਨੇਵੀ ਦੇ ਜਹਾਜ਼ ਅਤੇ ਮਿਲਟਰੀ ਏਅਰਕ੍ਰਾਫਟ 1.6 ਟਨ ਪੀਣ ਯੋਗ ਪਾਣੀ , ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਲੈ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਤੋਂ ਹੁਣ ਤਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੰਗਲਵਾਰ ਨੂੰ ਲਗਭਗ ਮੱਲਕੂਟਾ 'ਚ ਫਸੇ 4000 ਲੋਕ ਜਾਨ ਬਚਾਉਣ ਲਈ ਸਮੁੰਦਰ ਵੱਲ ਭੱਜੇ। ਸਾਰਾ ਇਲਾਕਾ ਧੂੰਏਂ ਨਾਲ ਭਰ ਗਿਆ ਹੈ ਤੇ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਤਕ ਕਈ ਘਰ ਸੜ ਚੁੱਕੇ ਸਨ।
ਵਿਕਟੋਰੀਆ ਐਮਰਜੈਂਸੀ ਕਮਿਸ਼ਨਰ ਐਂਡਰੀਊ ਕਰਿਸਪ ਮੁਤਾਬਕ ਆਸਟ੍ਰੇਲੀਅਨ ਰੱਖਿਆ ਫੋਰਸ ਨੂੰ ਲਗਭਗ ਦੋ ਹਫਤਿਆਂ ਤਕ ਇੱਥੇ ਕੰਮ ਕਰਨਾ ਪਵੇਗਾ। ਫਾਇਰ ਫਾਈਟਰਜ਼ ਦੀ ਮਦਦ ਲਈ ਹੈਲੀਕਾਪਟਰ ਰਾਹੀਂ ਪਾਣੀ ਛਿੜਕਿਆ ਜਾ ਰਿਹਾ ਹੈ। ਨਿਊ ਸਾਊਥ ਵੇਲਜ਼ ਦੇ ਕੋਨਜੋਲਾ ਪਾਰਕ 'ਚ 50 ਇਮਾਰਤਾਂ ਬਰਬਾਦ ਹੋ ਚੁੱਕੀਆਂ ਹਨ ਅਤੇ ਕਈ ਕਾਰਾਂ ਪਿਘਲ ਗਈਆਂ। ਬੁੱਧਵਾਰ ਤਕ 100 ਥਾਵਾਂ 'ਤੇ ਅਜੇ ਵੀ ਅੱਗ ਲੱਗੀ ਹੈ , ਜਿਸ ਨੂੰ ਕਾਬੂ ਕਰਨ ਲਈ ਫਾਇਰ ਫਾਈਟਰਜ਼ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਈ ਫਾਇਰ ਫਾਈਟਰਜ਼ ਵੀ ਅੱਗ ਬੁਝਾਉਣ ਦੀ ਕੋਸ਼ਿਸ਼ 'ਚ ਜਾਨ ਗੁਆ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਕਈ ਲੋਕਾਂ ਨੇ ਨਵੇਂ ਸਾਲ ਦੇ ਜਸ਼ਨ ਲਈ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਸਨ ਤੇ ਉਹ ਜੰਗਲੀ ਅੱਗ ਕਾਰਨ ਬਰਬਾਦ ਲੋਕਾਂ ਦੀ ਮਦਦ ਕਰ ਰਹੇ ਹਨ।


Related News