ਆਸਟ੍ਰੇਲੀਆ ਦੇ MARA ਵੱਲੋਂ 373 ਏਜੰਟਾਂ ਦੇ ਲਾਇਸੈਂਸ ਰੱਦ

03/11/2018 1:56:40 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਅਧੀਨ 'ਮਾਈਗ੍ਰੇਸ਼ਨ ਏਜੰਟ ਰਜਿਸਟਰੇਸ਼ਨ ਅਥਾਰਿਟੀ' (ਐੱਮ. ਏ. ਆਰ. ਏ.) ਨੇ ਏਜੰਟਾਂ ਦੀ ਕਾਰਗੁਜ਼ਾਰੀ ਬਾਰੇ ਬੀਤੇ 6 ਮਹੀਨਿਆਂ ਦੀ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਮੁਤਾਬਕ ਕੁੱਲ 7272 ਮਾਈਗ੍ਰੇਸ਼ਨ ਏਜੰਟਾਂ ਵਿਚੋਂ 373 ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਇਸ ਦੇ ਇਲਾਵਾ 5476 ਏਜੰਟਾਂ ਵਿਰੁੱਧ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਕੱਲ ਜਾਰੀ ਰਿਪੋਰਟ ਵਿਚ ਏਜੰਟਾਂ ਦੇ ਰੱਦ ਕੀਤੇ ਲਾਇਸੈਂਸ ਵਿਚ ਪੰਜਾਬੀ ਮੂਲ ਦੇ ਏਜੰਟਾਂ ਦੇ ਵੱਡੀ ਗਿਣਤੀ ਵਿਚ ਨਾਂ ਸਾਹਮਣੇ ਆਏ ਹਨ। ਇਨ੍ਹਾਂ ਵਿਚ ਇਕ ਪੰਜਾਬੀ ਏਜੰਟ ਵੱਲੋਂ ਪ੍ਰਵਾਸੀ ਪੰਜਾਬੀ ਲੜਕੀ ਨਾਲ ਕੀਤੀ ਧੋਖਾਧੜੀ ਦੀ ਸ਼ਿਕਾਇਤ ਵੀ ਅਥਾਰਿਟੀ ਨੂੰ ਪ੍ਰਾਪਤ ਹੋਈ ਸੀ। ਉਹ ਆਸਟ੍ਰੇਲੀਆ ਵਿਚ ਅਸਥਾਈ ਵੀਜ਼ਾਧਾਰਕ ਵਜੋਂ ਰਹਿ ਰਹੀ ਸੀ। 
ਪੰਜਾਬੀ ਮੂਲ ਦੇ ਏਜੰਟ ਵਲੋਂ ਉਸ ਦੀ ਕਮਜ਼ੋਰੀ ਦਾ ਫਾਇਦਾ ਉਠਾਇਆ ਗਿਆ। ਉਸ ਨੇ ਬੀਤੀ 14 ਮਾਰਚ ਨੂੰ ਏਜੰਟ ਵਿਰੁੱਧ ਅਥਾਰਿਟੀ ਨੂੰ ਸ਼ਿਕਾਇਤ ਕੀਤੀ ਸੀ। ਪੀੜਤ ਲੜਕੀ ਨੇ ਦੋਸ਼ ਲਗਾਏ ਸਨ ਕਿ ਏਜੰਟ ਅਤੇ ਉਸ ਦੀ ਪਤਨੀ ਦੀ ਮਾਲਕੀ ਵਾਲੇ ਰੈਸਟੋਰੈਂਟ ਵਿਚ ਉਸ ਨੂੰ 457 ਵੀਜ਼ਾ ਅਰਜ਼ੀ ਧਾਰਕ ਬਣਾਉਣ ਲਈ ਬਤੌਰ 'ਰੈਸਟੋਰੈਂਟ ਮੈਨੇਜਰ' ਵੱਜੋਂ ਨਾਮਜ਼ਦ ਕਰਨਾ ਸੀ। ਇਸ ਕੰਮ ਲਈ ਉਸ ਤੋਂ 10,000 ਡਾਲਰ ਦੀ ਰਾਸ਼ੀ ਲਈ ਗਈ ਅਤੇ ਉਸ ਨੇ ਰੈਸਟੋਰੈਂਟ ਵਿਚ ਮੁਫਤ ਵਿਚ ਕੰਮ ਕੀਤਾ। ਉਸ ਨੂੰ ਤਨਖਾਹ ਨਹੀਂ ਦਿੱਤੀ ਗਈ ਅਤੇ ਜਿਨਸੀ ਤੌਰ 'ਤੇ ਵੀ ਤੰਗ ਕੀਤਾ ਗਿਆ। ਏਜੰਟ ਨੇ ਰੈਸਟੋਰੈਂਟ ਕਿਸੇ ਹੋਰ ਨੂੰ ਵੇਚ ਦਿੱਤਾ, ਜਿਸ ਕਾਰਨ ਉਸ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਇਸ ਏਜੰਟ ਵਿਰੁੱਧ ਦੋ ਸ਼ਿਕਾਇਤਾਂ ਸਰਕਾਰੀ ਇਜੰਸੀਆਂ ਐੱਮ. ਏ. ਆਰ. ਏ. ਅਤੇ ਕੰਮਕਾਜੀ ਥਾਵਾਂ 'ਤੇ ਵਰਕਰ ਹਿੱਤਾਂ ਦੀ ਰਾਖੀ ਰੱਖਦੇ 'ਫੇਅਰ ਵਰਕ ਓਮਬਡਸਮੈਨ' ਨੂੰ ਪ੍ਰਾਪਤ ਹੋਈਆਂ। ਏਜੰਟ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਜਦੋਂ ਕਿ 'ਫੇਅਰ ਵਰਕ ਓਮਬਡਸਮੈਨ' ਵੱਲੋਂ ਵੱਖਰੀ ਜਾਂਚ ਕੀਤੀ ਜਾ ਰਹੀ ਹੈ।


Related News