ਪਿਛਲੇ 75 ਸਾਲਾਂ 'ਚ ਆਸਟ੍ਰੇਲੀਆ 'ਚ ਪ੍ਰਵਾਸ ਦਰ ਸਭ ਤੋਂ ਹੇਠਲੇ ਪੱਧਰ 'ਤੇ

Thursday, Oct 08, 2020 - 05:25 PM (IST)

ਪਿਛਲੇ 75 ਸਾਲਾਂ 'ਚ ਆਸਟ੍ਰੇਲੀਆ 'ਚ ਪ੍ਰਵਾਸ ਦਰ ਸਭ ਤੋਂ ਹੇਠਲੇ ਪੱਧਰ 'ਤੇ

ਐਡੀਲੇਡ, (ਕਰਨ ਬਰਾੜ )- ਕੋਰੋਨਾ ਦੀ ਮਹਾਮਾਰੀ ਨੇ ਜਿੱਥੇ ਸਾਰੀ ਦੁਨੀਆ ਵਿਚ ਉਥਲ-ਪੁਥਲ ਕਰਦਿਆਂ ਸਭ ਕੁਝ ਪ੍ਰਭਾਵਿਤ ਕੀਤਾ ਹੋਇਆ ਹੈ, ਉੱਥੇ ਵੱਡੀਆਂ-ਵੱਡੀਆਂ ਮਹਾਂਸ਼ਕਤੀਆਂ ਦੀ ਅਰਥ-ਵਿਵਸਥਾ ਮੂਧੇ ਮੂੰਹ ਹੋ ਚੁੱਕੀ ਹੈ। ਇਸ ਦੇ ਚੱਲਦਿਆਂ ਆਸਟ੍ਰੇਲੀਆ ਵੱਡੀ ਮੰਦੀ ਦੀ ਮਾਰ 'ਚੋਂ ਗੁਜ਼ਰ ਰਿਹਾ ਹੈ।

ਪਿਛਲੇ 75 ਸਾਲਾਂ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਆਸਟ੍ਰੇਲੀਆ ਦੀ ਨੈੱਟ-ਮਾਈਗ੍ਰੇਸ਼ਨ ਭਾਵ ਪ੍ਰਵਾਸੀ ਦਰ ਪਹਿਲੀ ਵਾਰ ਨਾਂ-ਪੱਖੀ ਰੂਪ ਵਿਚ ਦਰਜ ਕੀਤੀ ਜਾਏਗੀ। 

ਇਸ ਸਭ ਦਾ ਕਾਰਨ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਹੀ ਹੈ। ਇਸ ਗੱਲ ਦੀ ਪੁਸ਼ਟੀ ਆਸਟ੍ਰੇਲੀਆ ਦੇ ਡਾਟਾ ਅਫ਼ਸਰ ਜੋਸ਼ ਫ੍ਰੈਂਡਨਬਰਗ ਵਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ੁੱਧ ਪ੍ਰਵਾਸ ਨੂੰ ਦੁਬਾਰਾ ਹਾਂ-ਪੱਖੀ ਰੁਝਾਨ ਵੱਲ ਲਿਆਉਣ ਲਈ ਨਵੀਂਆਂ ਇਮੀਗ੍ਰੇਸ਼ਨ ਨੀਤੀਆਂ ਉਲੀਕੀਆਂ ਜਾਣੀਆਂ ਜਰੂਰੀ ਹਨ। ਇਹ ਇਮੀਗ੍ਰੇਸ਼ਨ ਨੀਤੀਆਂ ਹੁਨਰਮੰਦ ਕਾਮੇ, ਪਰਿਵਾਰ, ਰੀਯੂਨੀਅਨ, ਤੇ ਮਨੁੱਖਤਾ ਦੇ ਭਲੇ ਲਈ ਬਣਾਈਆਂ ਜਾਣੀਆਂ ਜ਼ਰੂਰੀ ਹੋਣਗੀਆਂ ਪਰ ਉਸ ਤੋਂ ਪਹਿਲਾਂ ਕੋਰੋਨਾ ਮਹਾਮਾਰੀ ਦਾ ਖ਼ਤਮ ਹੋਣਾ ਜਰੂਰੀ ਹੈ ਕਿਉਂਕਿ ਤਾਂ ਹੀ ਸਰਹੱਦ ਖੋਲ੍ਹਣ ਦੀ ਸੰਭਾਵਨਾ ਹੋਵੇਗੀ।

ਦੱਸ ਦਈਏ ਕਿ ਇਸ ਸਾਲ ਓਵਰਸੀਜ਼ ਸ਼ੁੱਧ ਪ੍ਰਵਾਸ ਸਬੰਧੀ ਜਾਰੀ ਅੰਕੜਿਆਂ ਅਨੁਸਾਰ ਇਸ ਵਰ੍ਹੇ ਲਈ 2,71,300 ਸ਼ੁੱਧ ਪ੍ਰਵਾਸ ਅਤੇ 2022 ਲਈ 2,67,600 ਦੀ ਸ਼ੁੱਧ ਪ੍ਰਵਾਸ ਵਿਚਾਰ ਅਧੀਨ ਸੀ ਪਰ ਜੋ ਕੋਰੋਨਾ ਕਰਕੇ ਹਾਲਾਤ ਬਣੇ ਹਨ, ਇਸ ਲਈ ਅਜਿਹੇ ਨਤੀਜੇ ਸਾਹਮਣੇ ਆਉਣੇ ਸੁਭਾਵਿਕ ਸਨ। ਇਸ ਕਰਕੇ ਆਸਟ੍ਰੇਲੀਆ ਸਰਕਾਰ ਵੀ ਚਿੰਤਤ ਹੈ ਤੇ ਜਲਦ ਕੋਰੋਨਾ ਬੀਮਾਰੀ ਤੋਂ ਰਾਹਤ ਮਿਲਣ ਦੀ ਉਡੀਕ ਵਿਚ ਹੈ ਤਾਂ ਕਿ ਬਾਰਡਰ ਖੋਲ੍ਹੇ ਜਾਣ ਅਤੇ ਆਸਟ੍ਰੇਲੀਆ ਨੂੰ ਵਿਸ਼ਵ ਪੱਧਰ ਦੇ ਅਬਾਦੀ ਪੱਖਾਂ ਦੇ ਹਾਣ ਦਾ ਕਰਨ ਲਈ ਯਤਨ ਆਰੰਭੇ ਜਾਣ।


author

Lalita Mam

Content Editor

Related News