ਆਸਟ੍ਰੇਲੀਆ ਦੇ ਮੁੱਖ ਸ਼ਹਿਰ ਬਾਕੀ ਦੁਨੀਆ ਦੇ ਮੁਕਾਬਲੇ ਹੋਏ ਹੋਰ ਮਹਿੰਗੇ

01/20/2018 5:22:47 AM

ਬ੍ਰਿਸਬੇਨ (ਸੁਰਿੰਦਰਪਾਲ ਖੁਰਦ)-ਆਸਟ੍ਰੇਲੀਆ ਦੇ ਬਹੁਤ ਸਾਰੇ ਸ਼ਹਿਰ ਵਿਸ਼ਵ ਦੇ ਦਜੇ ਸ਼ਹਿਰਾਂ ਦੇ ਮੁਕਾਬਲੇ ਮਹਿੰਗੇ ਹੋ ਰਹੇ ਹਨ। ਵਿਸ਼ਵ ਪੱਧਰ 'ਤੇ ਖਪਤਕਾਰਾਂ, ਕੀਮਤਾਂ, ਅਪਰਾਧ ਦੀ ਦਰ, ਸਿਹਤ-ਸਹੂਲਤਾਂ, ਜੀਵਨ ਪੱਧਰ ਦੀ ਗੁਣਵੱਤਾ ਆਦਿ ਅੰਕੜਿਆਂ ਦਾ ਮੁਲਾਂਕਣ ਕਰਨ ਵਾਲੀ ਪ੍ਰਸਿੱਧ ਨੂਮਬੇਊ ਡਾਟ ਕਾਮ ਵਲੋਂ ਤਾਜ਼ਾ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਅਨੁਸਾਰ ਰਹਿਣ-ਸਹਿਣ ਦੀ ਲਾਗਤ 'ਚ ਪਿਛਲੇ ਸਾਲ ਦੇ ਮੁਕਾਬਲੇ ਸਿਡਨੀ 41ਵੇਂ ਸਥਾਨ ਤੋਂ 32ਵੇਂ, ਮੈਲਬੋਰਨ 77 ਤੋਂ 64 ਜਦੋਂਕਿ ਐਡੀਲੇਡ, ਕੇਨਜ਼, ਹੋਬਾਰਟ ਅਤੇ ਕੈਨਬਰਾ ਕ੍ਰਮਵਾਰ 58, 69, 82 ਅਤੇ 103 ਨੂੰ ਵੀ ਕੀਮਤਾਂ ਵਧਣ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਪਰਥ 56, ਡਾਰਵਿਨ 68 ਅਤੇ ਬ੍ਰਿਸਬੇਨ 83 ਨੂੰ ਹੁਣ ਵਧੇਰੇ ਕਫਾਇਤੀ ਸ਼ਹਿਰ ਦੱਸਿਆ ਗਿਆ ਹੈ। ਕੌਮੀ ਪਧਰ 'ਤੇ ਕਰਿਆਨਾ, ਰੈਸਟੋਰੈਂਟਾਂ ਅਤੇ ਘਰਾਂ ਦਾ ਕਿਰਾਇਆ ਸਿਡਨੀ ਅਤੇ ਡਾਰਵਿਨ 'ਚ ਸਭ ਤੋਂ ਮਹਿੰਗੇ ਹਨ ਅਤੇ ਹੋਬਾਰਟ, ਕੇਨਜ਼ ਅਤੇ ਗੋਲਡ ਕੋਸਟ ਆਦਿ ਸ਼ਹਿਰ ਸਸਤੇ ਪਾਏ ਗਏ ਹਨ। ਯੂ. ਐੱਨ. ਐੱਸ. ਡਬਲਿਊ ਬਿਜ਼ਨੈੱਸ ਸਕੂਲ ਸਿਡਨੀ ਦੀ ਸਮਾਜਿਕ ਅਸਰ ਵਿਭਾਗ ਦੀ ਮੁਖੀ ਪ੍ਰੋਫੈਸਰ ਕ੍ਰਿਸਟੀ ਮਿਊਰ ਨੇ ਕਿਹਾ ਕਿ ਭਾਵੇਂ ਦੇਸ਼ ਦੀ ਵਿਕਾਸ ਦਰ ਮਜ਼ਬੂਤ ਹੈ ਪਰ ਆਮ ਵਿਅਕਤੀ ਘਰਾਂ ਦੀ ਅਦਾਇਗੀ, ਰਹਿਣ-ਸਹਿਣ ਦੇ ਖਰਚੇ ਆਦਿ ਦੀ ਪੂਰਤੀ ਲਈ ਸੰਘਰਸ਼ਸ਼ੀਲ ਦਿਖਾਈ ਦੇ ਰਿਹਾ ਹੈ । ਨੂਮਬੇਊ ਅਨੁਸਾਰ ਵਿਸ਼ਵ ਵਿਚ ਸਭ ਤੋਂ ਮਹਿੰਗੇ ਸ਼ਹਿਰ ਵਿਚ ਨੰਬਰ 1 ਹੈਮਿਲਟਨ ਰਾਜਧਾਨੀ ਬਰਮੂਡਾ, ਜੋ ਕਿ ਉੱਤਰੀ ਬ੍ਰਿਟਿਸ਼ ਟਾਪੂ ਦਾ ਸਮੁੰਦਰੀ ਖੂਬਸੂਰਤ ਗੁਲਾਬੀ ਰੇਤ ਦੇ ਤੱਟ ਲਈ ਜਾਣਿਆ ਜਾਂਦਾ ਹੈ, 2 ਜ਼ਿਊਰਖ, ਸਵਿਟਜ਼ਰਲੈਂਡ 3 ਜੀਨੇਵਾ, ਸਵਿਟਜ਼ਰਲੈਂਡ 4 ਬਸੇਲ, ਸਵਿਟਜ਼ਰਲੈਂਡ, 5 ਬਰਨ, ਸਵਿਟਜ਼ਰਲੈਂਡ, 6 ਲੌਸੇਨੇ, ਸਵਿਟਜ਼ਰਲੈਂਡ 7 ਰਿਕਜਾਵਿਕ, ਆਈਸਲੈਂਡ 8 ਸਟਾਵੈਨਗਰ, ਨਾਰਵੇ 9 ਲੂਗਨੋ, ਸਵਿਟਜ਼ਰਲੈਂਡ 10 ਓਸਲੋ, ਨਾਰਵੇ ਆਦਿ ਨੂੰ ਪਹਿਲੇ 10 ਦੀ ਸੰਕਲਿਤ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।ਨਿਊਯਾਰਕ 14, ਟੋਕੀਓ 21, ਪੈਰਿਸ 23, ਲੰਡਨ ਨੂੰ 42ਵਾਂ ਸਥਾਨ ਦਿੱਤਾ ਗਿਆ ਹੈ।


Related News