ਆਸਟ੍ਰੇਲੀਆ 'ਚ ਬਾਡੀ ਬਿਲਡਿੰਗ ਦੇ ਖੇਤਰ 'ਚ ਲੱਕੀ ਪੰਡਿਤ ਨੇ ਗੱਡੇ ਝੰਡੇ, ਜੀਵਨ 'ਤੇ ਇਕ ਝਾਤ

Thursday, Jun 17, 2021 - 02:40 PM (IST)

ਆਸਟ੍ਰੇਲੀਆ 'ਚ ਬਾਡੀ ਬਿਲਡਿੰਗ ਦੇ ਖੇਤਰ 'ਚ ਲੱਕੀ ਪੰਡਿਤ ਨੇ ਗੱਡੇ ਝੰਡੇ, ਜੀਵਨ 'ਤੇ ਇਕ ਝਾਤ

ਮੈਲਬੌਰਨ : ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ, ਵਗਦੇ ਹੰਝੂਆਂ ਕਦ ਤਕਦੀਰਾਂ ਪਲਟੀਆਂ ਨੇ? ਠੋਕਰਾਂ ਨੂੰ ਜਿਹਨਾਂ ਨੇ ਠੋਕਰ ਮਾਰੀ ਹੈ, ਠੋਕਰਾਂ ਉਨ੍ਹਾਂ ਨੂੰ ਹੀ ਰਾਸ ਆਈਆਂ ਨੇ। ਇੰਨਾਂ ਸਤਰਾਂ ਨੂੰ ਸੱਚ ਕਰ ਵਿਖਾਇਆ ਹੈ ਪੰਜਾਬ ਦੀ ਧਰਤੀ 'ਤੇ ਵੱਸੇ ਇਕ ਛੋਟੇ ਜਿਹੇ ਪਿੰਡ - ਕਿੱਤਣਾਂ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕਿੱਤਣਾ ਦੇ ਜੰਮਪਲ ਲੱਕੀ ਪੰਡਿਤ ਨੇ। ਲੱਕੀ ਪੰਡਿਤ ਜਿਸਦਾ ਨਾਮ ਦੇਸ਼ ਵਿਦੇਸ਼ ਦੇ ਬਾਡੀ ਬਿਲਡਿੰਗ ਪਹਿਲਵਾਨਾਂ ਵਿੱਚ ਬੜੇ ਆਦਰ ਸਤਿਕਾਰ ਨਾਲ ਲਿਆ ਜਾਂਦਾ ਹੈ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਾਡੀ ਬਿਲਡਿੰਗ ਚੈਂਪੀਅਨਸ਼ਿਪ ‘ਮਿਸਟਰ ਫਗਵਾੜਾ, ਮਿਸਟਰ ਕਪੂਰਥਲਾ’ ਤੇ ਨੌਰਥ ਇੰਡੀਆ ਦੇ ਮੁਕਾਬਲੇ ਜਿੱਤ ਕੇ ਕੀਤੀ। ਮਾਤਾ ਤੀਰਥ ਦੇਵੀ ਦੀ ਕੁੱਖੋਂ ਜਨਮੇ ਇਸ ਹੋਣਹਾਰ ਪੁੱਤਰ 'ਤੇ ਆਪਣੇ ਸਵਰਗਵਾਸੀ ਪਿਤਾ ਸਬ-ਇਨਸਪੈਕਟਰ ਚਮਨ ਲਾਲ ਸ਼ਰਮਾ ਜੀ ਦੇ ਆਦਰਸ਼ਾਂ ਅਤੇ ਸਿਧਾਂਤਾਂ ਦਾ ਬਹੁਤ ਹੀ ਡੂੰਘਾ ਪ੍ਰਭਾਵ ਸੀ। ਪਿਤਾ ਤੋਂ ਸੇਧ ਲੈ ਕੇ ਲੱਕੀ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਣਾ ਸ਼ੁਰੂ ਕਰ ਦਿੱਤਾ, ਜਿਸ ਉਪਰੰਤ ਉਸਨੇ ਬਾਡੀ ਬਿਲਡਿੰਗ ਨੂੰ ਮੁੱਖ ਖੇਡ ਵਜੋਂ ਅਪਣਾਇਆ।ਉਸ ਨੂੰ ਸਭ ਤੋਂ ਪਹਿਲਾਂ ‘ਮਿਸਟਰ ਕਪੂਰਥਲਾ’ ਅਤੇ ‘ਨਾਰਥ ਇੰਡੀਆ ਚੈਂਪੀਅਨਸ਼ਿਪ’ ਆਪਣੇ ਦੇਸ਼ ਵਿੱਚ ਰਹਿ ਕੇ ਹੀ ਜਿੱਤੀ। ਇੱਥੇ ਹੀ ਬੱਸ ਨਹੀਂ ਇਹ ਨੌਜਵਾਨ ਆਪਣੇ ਜਹਿਨ ਵਿੱਚ ਹੋਰ ਵੀ ਉਚੇਰੇ ਸੁਪਨੇ ਸਜਾਈ ਬੈਠਾ ਸੀ, ਜਿਨ੍ਹਾਂ ਲਈ ਸੰਘਰਸ਼ਾਂ ਅਤੇ ਔਕੜਾਂ ਦਾ ਦੌਰ ਸ਼ੁਰੂ ਹੋਣਾ ਹਾਲੇ ਬਾਕੀ ਸੀ। 

ਬੱਸ ਫਿਰ ਕੀ ਸੰਨ 2009 ਵਿੱਚ ਆਸਟ੍ਰੇਲੀਆ ਸਟੂਡੈਂਟ ਵੀਜ਼ੇ 'ਤੇ ਪਹੁੰਚੇ ਇਸ ਗੱਭਰੂ ਦਾ ਸੰਘਰਸ਼ਾਂ ਵਾਲਾ ਦੌਰ ਸ਼ੁਰੂ ਹੋ ਗਿਆ। ਘਰੋਂ ਕੰਮ 'ਤੇ ਜਾਣ ਲਈ ਬੱਸ ਦੀ ਟਿਕਟ ਖਰੀਦਣ ਲਈ ਜ਼ੇਬ ਵਿੱਚ ਪੈਸੇ ਵੀ ਨਹੀਂ ਹੁੰਦੇ ਸਨ। ਕੰਮ 'ਤੇ ਜਾਣ ਲਈ 10 ਕਿੱਲੋਮੀਟਰ ਦੌੜ ਕੇ ਜਾਣਾ ਅਤੇ ਦੌੜ ਕੇ ਵਾਪਸ ਆਉਣਾ, ਖਾਸਕਰ ਟੁੱਟੀਆਂ ਚੱਪਲਾਂ ਪਾ ਕੇ ਵੀ ਗੁਜ਼ਾਰਾ ਕਰਨਾ ਪਿਆ। ਪੂਰੇ ਦਿਨ ਵਿੱਚ ਸਿਰਫ ਇਕ ਡੰਗ ਹੀ ਰੋਟੀ ਖਾਣੀ। ਇਸ ਸਿਰੜੀ ਅਤੇ ਹੌਂਸਲੇ ਵਾਲੇ ਗੱਭਰੂ ਦਾ ਭਾਰ ਵੀ 95 ਕਿੱਲੋ ਤੋਂ 35 ਕਿੱਲੋ ਘੱਟ ਕੇ 60 ਕਿੱਲੋ ਰਹਿ ਗਿਆ।ਇਸ ਅਣਖੀ ਨੌਜਵਾਨ ਨੇ ਹੌਲੀ-ਹੌਲੀ ਮਿਹਨਤ ਕਰ ਕੇ ਪੈਸੇ ਇਕੱਠੇ ਕੀਤੇ ਪਰ ਕਿਸੇ ਦੋਸਤ ਤੇ ਰਿਸ਼ਤੇਦਾਰ ਕੋਲ ਹੱਥ ਨਹੀਂ ਅੱਡਿਆ ਅਤੇ ਮਿਹਨਤ ਨਾਲ ਫਿਰ ਤੋਂ ਆਪਣੀ ਮੁੱਖ ਖੇਡ ਵੱਲ ਪਰਤਿਆ, ਕਿਉਂਕਿ ਉਸ ਨੂੰ ਯਾਦ ਸੀ ਕਿ ‘ਸੁਪਨੇ ਉਹ ਨਹੀਂ ਹੁੰਦੇ ਜੋ ਸੌਂ ਕੇ ਦੇਖੇ ਜਾਂਦੇ ਹਨ, ਸਗੋਂ ਸੁਪਨੇ ਉਹ ਹੁੰਦੇ ਹਨ ਜੋ ਸਾਨੂੰ ਸੋਣ ਨਹੀਂ ਦਿੰਦੇ’।

ਪੜ੍ਹੋ ਇਹ ਅਹਿਮ ਖਬਰ- ਭਾਰਤੀ-ਅਮਰੀਕੀ ਰਾਧਿਕਾ ਫੌਕਸ ਜਲ ਦਫਤਰ ਦੇ ਪ੍ਰਮੁੱਖ ਦੇ ਤੌਰ 'ਤੇ ਨਿਯੁਕਤ

ਜਿਸਦੇ ਸਿੱਟੇ ਵਜੋਂ ਉਸਨੇ ਸਨ 2016 ਵਿੱਚ IFBB Mr. Victoria Body Building ਚੈਂਪੀਅਨਸ਼ਿਪ ਜਿੱਤੀ। 29 ਸਤੰਬਰ ਨੂੰ ਮੈਲਬੋਰਨ ਸ਼ਹਿਰ ਵਿੱਚ PCA federation ਦੁਆਰਾ ਆਜੋਜਿਤ National Championship ਵਿੱਚ Muscle Model open category ਵਿੱਚ ‘ਮਿਸਟਰ ਆਸਟ੍ਰੇਲੀਆ 2019’ ਦਾ ਖਿਤਾਬ ਆਪਣੇ ਨਾਮ ਕੀਤਾ। ਇਸ ਤੋਂ ਸਿਰਫ ਇਕ ਹਫ਼ਤੇ ਬਾਅਦ 6 ਅਕਤੂਬਰ 2019 ਨੂੰ ਇੰਗਲੈਂਡ ਵਿੱਚ ਹੋਣ ਵਾਲੀ ‘PCA Mr. LONDON 2019’ ਵਿੱਚ ਆਸਟ੍ਰੇਲੀਆ ਦੀ ਅਗਵਾਈ ਕਰਦੇ ਹੋਏ ਹਿੱਸਾ ਲਿਆ ਅਤੇ ‘Mr London' ਦਾ ਖਿਤਾਬ ਆਪਣੇ ਨਾਮ ਕਰਕੇ ਆਸਟ੍ਰੇਲੀਆ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ। ਸਨ 2020 ਵਿੱਚ ਤਾਲਾਬੰਦੀ ਹੋਣ ਕਰਕੇ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵੀ ਬੰਦ ਰਹੀ। ਇਸੇ ਸਾਲ 2021 ਵਿੱਚ ਸਿਰਮੌਰ ਗੱਭਰੂ ਲੱਕੀ ਪੰਡਿਤ ਨੇ ਇਕ ਵਾਰ ਫਿਰ ‘Mr Australia' Muscle Model ਜੇਤੂ ਬਣ ਕੇ ਇਹ ਖਿਤਾਬ ਦੂਜੀ ਵਾਰ ਆਪਣੇ ਨਾਮ ਕਰ ਲਿਆ।

ਲੱਕੀ ਪੰਡਿਤ ਭਾਰਤੀ ਮੂਲ ਦਾ ਇਕ ਅਜਿਹਾ ਪਹਿਲਾ ਉਦਮੀ ਤੇ ਸੰਜਮੀ ਗੱਭਰੂ ਹੈ ਜਿਸ ਨੂੰ INBA Victoria ਚੈਂਪੀਅਨਸ਼ਿਪ ਜਿੱਥੇ ਕੇਵਲ ਟੀਕਿਆਂ ਤੇ ਦਵਾਈਆਂ ਤੋਂ ਬਿਨਾ ਸਿਹਤ ਬਣਾਉਣ ਵਾਲੇ ਖਿਡਾਰੀ ਹੀ ਭਾਗ ਲੈ ਸਕਦੇ ਹਨ ਵਿੱਚ ਇਕ ਜੱਜ ਦੇ ਰੂਪ ਵਿੱਚ ਪਹਿਲਾ ਭਾਰਤੀ ਵਿਅਕਤੀ ਬਣਕੇ ਜਾਣ ਦਾ ਮਾਣ ਪ੍ਰਾਪਤ ਹੋਇਆ ਹੈ। ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਸਾਡਾ ਵੀਰ ਹੋਰ ਉਚਾਈਆਂ ਅਤੇ ਬੁਲੰਦੀਆਂ ਨੂੰ ਛੂਹਵੇ। ਸਾਡਾ ਇਹ ਵੀਰ ਹੁਣ ‘World Championship'  ਲਈ ਤਿਆਰੀ ਕਰ ਰਿਹਾ ਹੈ। ਹੁਣ ਉਹ ਦਿਨ ਦੂਰ ਨਹੀਂ ਜਿਸ ਦਿਨ ਇਹ ਗੱਭਰੂ ‘World Championship' ਜਿੱਤ ਕੇ ਆਪਣੇ ਦੇਸ਼ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕਰੇਗਾ।


author

Vandana

Content Editor

Related News