ਗੁਰਦੁਆਰਾ ਸਿੰਘ ਸਭਾ ਬ੍ਰਿਸਬੇਨ ਵਿਖੇ ਮਨਾਇਆ ਗਿਆ ਕੌਮਾਂਤਰੀ ਮਾਂ ਬੋਲੀ ਦਿਵਸ
Wednesday, Feb 24, 2021 - 04:20 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ ‘ਸਿੰਘ ਸਭਾ ਗੁਰਮੁਖੀ ਸਕੂਲ ਟੈਗਮ’ ਅਤੇ ਗੁਰਦੁਆਰਾ ਸਿੰਘ ਸਭਾ ਬ੍ਰਿਸਬੇਨ ਟੈਗਮ ਦੇ ਸਾਂਝੇ ਸਹਿਯੋਗ ਨਾਲ ਪੰਜਾਬੀ ਹਿਤੈਸ਼ੀਆਂ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ। ਇਸ ਵਿਚਾਰ ਗੋਸ਼ਟੀ ਸਮਾਗਮ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਆਪਣੀਆਂ ਤਕਰੀਰਾਂ, ਰਚਨਾਵਾਂ, ਗੀਤਾਂ ਆਦਿ ਨਾਲ ਪੰਜਾਬੀ ਬੋਲੀ ਦਾ ਚਿੰਤਨ ਅਤੇ ਭਵਿੱਖੀ ਲੋੜਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ।
ਹਰਜੋਤ ਸਿੰਘ ਲਸਾੜਾ ਨੇ ਹਾਜ਼ਰੀਨ ਦਾ ਸਵਾਗਤ ਕਰਦਿਆਂ ਕਿਹਾ ਸਮੁੱਚੀ ਪੰਜਾਬੀ ਕੌਮ ਨੂੰ ਆਪਣੀ ਪੰਜਾਬੀਅਤ ਨੂੰ ਬਰਕਰਾਰ ਰੱਖਣਾ ਅਤੇ ਖ਼ਾਸ ਕਰਕੇ ਵਿਦੇਸ਼ਾਂ ‘ਚ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਵੱਲ ਵਧੇਰੇ ਰੁਚਿਤ ਕਰਨਾ ਸਮੇਂ ਦੀ ਮੰਗ ਹੈ। ਹਰਵਿੰਦਰ ਸਿੰਘ ਮੌਜੂਦਾ ਸਮੇਂ ਵਿੱਚ ਨਿਘਰਦੀ ਜਾ ਰਹੀ ਪੰਜਾਬੀ ਦੀ ਹਾਲਤ ‘ਤੇ ਚਿੰਤਾ ਪ੍ਰਗਟਾਈ। ਅਮਨਦੀਪ ਸਿੰਘ ਪੰਨੂੰ ਅਨੁਸਾਰ ਮਾਂ ਬੋਲੀ ਹਰ ਕੌਮ ਦਾ ਸਰਮਾਇਆ ਹੁੰਦੀ ਹੈ ਤੇ ਇਸ ਦੀ ਪੀੜ੍ਹੀ ਦਰ ਪੀੜ੍ਹੀ ਤਰੱਕੀ ਉਸ ਕੌਮ ਦਾ ਪਹਿਲਾ ਕਾਰਜ ਹੁੰਦਾ ਹੈ। ਉਹਨਾਂ ਭਾਰਤੀ ਭਾਸ਼ਾਵਾਂ ਖਾਸ ਕਰਕੇ ਪੰਜਾਬੀ ਭਾਸ਼ਾ ਦੇ ਪਛੜਨ ‘ਤੇ ਚਿੰਤਾ ਪ੍ਰਗਟਾਈ ਅਤੇ ਇਸ ਵਰਤਾਰੇ ਨੂੰ ਮੰਦਭਾਗਾ ਕਿਹਾ।
ਪੜ੍ਹੋ ਇਹ ਅਹਿਮ ਖਬਰ- ਖੁਦਕੁਸ਼ੀ ਦੇ ਮਾਮਲਿਆਂ ਤੋਂ ਚਿੰਤਤ ਜਾਪਾਨ ਦਾ ਅਨੋਖਾ ਕਦਮ,ਨਿਯੁਕਤ ਕੀਤਾ 'ਇਕੱਲਾਪਨ ਮੰਤਰੀ'
ਹਰਵਿੰਦਰ ਕੌਰ ਰਿੱਕੀ, ਹਰਗੀਤ ਕੌਰ, ਬਹਾਦਰ ਸਿੰਘ ਝੱਜ ਆਦਿ ਬੁਲਾਰਿਆਂ ਨੇ ਪੰਜਾਬੀ ਭਾਸ਼ਾ ਦੇ ਪਸਾਰ ਲਈ ਸਾਰਿਆ ਨੂੰ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਭਾਸ਼ਾਵਾਂ ਜਿੰਨੀਆਂ ਮਰਜ਼ੀ ਪੜ੍ਹੋ ਪਰ ਮਾਂ ਬੋਲੀ ਨਾਲ ਸਾਂਝ ਬਣਾਈ ਰੱਖਣੀ ਸਮੇਂ ਦੀ ਮੁੱਖ ਜ਼ਰੂਰਤ ਹੈ। ਸੁਖਮਨ ਸੰਧੂ, ਅਸ਼ਮੀਤ ਸੰਧੂ ਆਦਿ ਬੱਚਿਆਂ ਦੀਆਂ ਰਚਨਾਵਾਂ ਪੰਜਾਬੀ ਬੋਲੀ ਲਈ ਚੰਗਾ ਭਵਿੱਖੀ ਸੁਨੇਹਾ ਦੇਣ ‘ਚ ਕਾਮਯਾਬ ਰਹੀਆਂ।ਇਸ ਮੌਕੇ ਪਰਿਵਾਰਾਂ ਵਲੋਂ ਬੱਚਿਆਂ ਨਾਲ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ।