ਆਸਟਰੇਲੀਆ ਸਰਕਾਰ ਦਾ ਵੱਡਾ ਐਲਾਨ, ਇਹਨਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਮਿਲੇਗੀ ਰਾਹਤ

04/05/2020 3:20:40 PM

ਮੈਲਬੌਰਨ- ਕੋਰੋਨਾਵਾਇਰਸ ਮਹਾਮਾਰੀ ਦੇ ਵਿਚਾਲੇ ਆਸਟਰੇਲੀਆਈ ਸਰਕਾਰ ਦਾ ਇਹ ਐਲਾਨ ਉਹਨਾਂ ਵਿਦਿਆਰਥੀਆਂ ਲਈ ਰਾਹਤ ਭਰਿਆ ਹੋ ਸਕਦਾ ਹੈ, ਜੋ ਸੁਨਹਿਰੇ ਭਵਿੱਖ ਲਈ ਆਪਣਾ ਘਰ ਛੱਡ ਇਥੇ ਪੜਾਈ ਲਈ ਆਏ ਹਨ। ਆਸਟਰੇਲੀਆਈ ਸਰਕਾਰ ਨੇ ਐਲਾਨ ਕੀਤਾ ਹੈ ਕਿ ਜੋ ਵਿਦਿਆਰਥੀ ਦੇਸ਼ ਵਿਚ ਇਕ ਸਾਲ ਦਾ ਸਮਾਂ ਪੂਰਾ ਕਰ ਚੁੱਕੇ ਹਨ, ਉਹਨਾਂ ਦੀ ਸਿੱਖਿਆ ਅੱਗੇ ਵੀ ਸੁਚਾਰੂ ਢੰਗ ਨਾਲ ਜਾਰੀ ਰਹੇਗੀ।

ਇਹ ਐਲਾਨ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਦੇ ਪਹਿਲੇ ਬਿਆਨ ਤੋਂ ਇਕ ਦਿਨ ਬਾਅਦ ਕੀਤਾ ਗਿਆ ਹੈ, ਜਿਸ ਵਿਚ ਉਹਨਾਂ ਕਿਹਾ ਸੀ ਕਿ ਵਿਦੇਸ਼ੀ ਵਿਦਿਆਰਥੀ ਕਿਸੇ ਵੀ ਵਿੱਤੀ ਸਹਾਇਤਾ ਦੇ ਯੋਗ ਨਹੀਂ ਹਨ ਕਿਉਂਕਿ ਉਹਨਾਂ ਦੇ ਵੀਜ਼ਾ ਪ੍ਰਬੰਧਾਂ ਤਹਿਤ ਉਹਨਾਂ ਨੇ ਇਕ ਸਾਲ ਆਪਣੀ ਦੇਖਭਾਲ ਖੁਦ ਕਰਨੀ ਸੀ। ਹਾਲਾਂਕਿ, ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟਰੱਡਜ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਵਿਦਿਆਰਥੀ, ਜੋ ਇਥੇ 12 ਮਹੀਨਿਆਂ ਤੋਂ ਵੀ ਵਧ ਸਮਾਂ ਲੰਘਾ ਚੁੱਕੇ ਹਨ, ਜੇਕਰ ਖੁਦ 'ਤੇ ਵਿੱਤੀ ਤੰਗੀ ਮਹਿਸੂਸ ਕਰਕੇ ਹਨ ਤਾਂ ਉਹ ਆਪਣੇ ਆਸਟਰੇਲੀਆਈ ਅਧਿਕਾਰਾਂ ਦਾ ਸਹਾਰਾ ਲੈ ਸਕਦੇ ਹਨ।

ਉਹਨਾਂ ਕਿਹਾ ਕਿ ਸਰਕਾਰ ਅੰਤਰਰਾਸ਼ਟਰੀ ਸਿੱਖਿਆ ਖੇਤਰ ਨਾਲ ਹੋਰ ਸਾਂਝੇਦਾਰੀ ਕਰੇਗੀ ਜੋ ਪਹਿਲਾਂ ਹੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੁਝ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੇ ਹਨ। ਉਹਨਾਂ ਦੱਸਿਆ ਕਿ ਆਸਟਰੇਲੀਆ ਵਿਚ 5,65,000 ਅੰਤਰਰਾਸ਼ਟਰੀ ਵਿਦਿਆਰਥੀ ਹਨ, ਜੋ ਮੁੱਖ ਤੌਰ ਤੇ ਉੱਚ ਸਿੱਖਿਆ ਜਾਂ ਵਕੇਸ਼ਨਰ ਸਿੱਖਿਆ ਖੇਤਰ ਵਿਚ ਪੜ੍ਹਦੇ ਹਨ। ਇਹ ਸਾਡੀ ਆਰਥਿਕਤਾ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਲੋਕ ਹਨ। ਆਸਟਰੇਲੀਆ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਭਾਰਤ ਦੂਜਾ ਸਭ ਤੋਂ ਵੱਡਾ ਹਿੱਸੇਦਾਰ ਹੈ। ਅੰਕੜਿਆਂ ਮੁਤਾਬਕ ਬੀਤੇ ਸਾਲ 1.4 ਲੱਖ ਭਾਰਤੀ ਵਿਦਿਆਰਥੀ ਪੜ੍ਹਾਈ ਲਈ ਆਸਟਰੇਲੀਆ ਆਏ ਸਨ।


Baljit Singh

Content Editor

Related News