ਮੈਲਬੌਰਨ 'ਚ ਹਿੰਦੂ ਮੰਦਰ ਤੇ ਗੁਰਦੁਆਰਾ ਸਾਹਿਬ ਲਈ ਸਰਕਾਰ ਦਾ ਵੱਡਾ ਐਲਾਨ
Wednesday, Jun 12, 2019 - 09:14 AM (IST)
ਵਿਕਟੋਰੀਆ— ਮੈਲਬੌਰਨ 'ਚ ਹਿੰਦੂ ਮੰਦਰ ਅਤੇ ਗੁਰਦੁਆਰਾ ਸਾਹਿਬ ਲਈ ਵਿਕਟੋਰੀਆ ਸਰਕਾਰ ਨੇ ਵੱਡੀ ਸੌਗਾਤ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਵਲੋਂ ਇਨ੍ਹਾਂ ਲਈ 7 ਲੱਖ ਡਾਲਰ ਦੀ ਫੰਡਿੰਗ ਦਿੱਤੀ ਜਾਵੇਗੀ ਤਾਂ ਜੋ ਸਹੂਲਤਾਂ 'ਚ ਵਾਧਾ ਹੋ ਸਕੇ। ਉੱਥੇ ਰਹਿਣ ਵਾਲੇ ਹਿੰਦੂ-ਸਿੱਖ ਭਾਈਚਾਰੇ ਦੇ ਲੋਕਾਂ ਲਈ ਇਹ ਖੁਸ਼ੀ ਵਾਲੀ ਗੱਲ ਹੈ ਕਿ ਉੱਥੋਂ ਦੀ ਸਰਕਾਰ ਨੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਲਈ ਮਦਦ ਦੇਣ ਦਾ ਹੱਥ ਵਧਾਇਆ ਹੈ। ਹਾਲ ਹੀ 'ਚ ਵਿਕਟੋਰੀਆ ਦੀ ਉਪਨਗਰੀ ਵਿਕਾਸ ਮੰਤਰੀ ਮਾਰਲੀਨ ਕੌਰੌਜ ਨੇ ਇੱਥੋਂ ਦੇ ਦੁਰਗਾ ਮੰਦਰ ਅਤੇ ਪਲਮੰਪਟਨ ਗੁਰਦੁਆਰਾ ਸਾਹਿਬ ਲਈ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਲਈ 1,00,000 ਡਾਲਰ ਅਤੇ ਮੰਦਰ ਲਈ 6,00,000 ਡਾਲਰ ਦਿੱਤੇ ਜਾਣਗੇ, ਜਿਨ੍ਹਾਂ ਦੀ ਵਰਤੋਂ ਇਨ੍ਹਾਂ ਧਾਰਮਿਕ ਸਥਾਨਾਂ ਦੀਆਂ ਇਮਾਰਤਾਂ ਅਤੇ ਹੋਰ ਜ਼ਰੂਰਤਾਂ ਪੂਰੀਆਂ ਕਰਨ ਲਈ ਕੀਤੀ ਜਾਵੇਗੀ। ਗੁਰਦੁਆਰਾ ਸਾਹਿਬ ਤੇ ਮੰਦਰ ਦੀ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਹੈ। ਹਾਲਾਂਕਿ ਭਾਈਚਾਰੇ ਦੀ ਮੰਗ ਹੈ ਕਿ ਸਰਕਾਰ ਵਲੋਂ ਬਜ਼ੁਰਗਾਂ ਦੀ ਸਾਂਭ-ਸੰਭਾਲ ਦਾ ਕੇਂਦਰ ਵੀ ਬਣਵਾਇਆ ਜਾਵੇ ।
ਜ਼ਿਕਰਯੋਗ ਹੈ ਕਿ ਭਾਰਤੀ ਭਾਈਚਾਰੇ ਦੀ ਇੱਥੇ ਵਧਦੀ ਗਿਣਤੀ ਦੇਖ ਕੇ ਸਰਕਾਰ ਯੋਗ ਕਦਮ ਚੁੱਕ ਰਹੀ ਹੈ। ਮੰਤਰੀ ਮਾਰਲੀਨ ਨੇ ਕਿਹਾ ਕਿ ਉਹ ਅੱਗੇ ਤੋਂ ਵੀ ਅਜਿਹੇ ਪਵਿੱਤਰ ਕੰਮਾਂ 'ਚ ਯੋਗਦਾਨ ਪਾਉਂਦੇ ਰਹਿਣਗੇ।