ਜੰਗਲੀ ਅੱਗ ਮਗਰੋਂ ਆਸਟ੍ਰੇਲੀਆ 'ਤੇ ਮੰਡਰਾਅ ਰਿਹੈ ਇਹ ਵੱਡਾ ਖਤਰਾ (ਵੀਡੀਓ)

01/09/2020 3:10:20 PM

ਸਿਡਨੀ— ਜੰਗਲੀ ਅੱਗ ਨਾਲ ਜੂਝ ਰਹੇ ਆਸਟ੍ਰੇਲੀਆ 'ਤੇ ਇਕ ਹੋਰ ਮੁਸੀਬਤ ਮੰਡਰਾਅ ਰਹੀ ਹੈ। ਵੱਡੀ ਗਿਣਤੀ 'ਚ ਫਾਇਰ ਫਾਈਟਰਜ਼ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸ ਅੱਗ ਕਾਰਨ ਉੱਠ ਰਹੇ ਧੂੰਏਂ ਨੇ ਲੋਕਾਂ ਦਾ ਸਾਹ ਲੈਣਾ ਵੀ ਔਖਾ ਕਰ ਦਿੱਤਾ ਹੈ। ਇਸੇ ਕਾਰਨ ਆਸਟ੍ਰੇਲੀਆ 'ਚ ਸੈਲਾਨੀਆਂ ਦੀ ਆਮਦ ਕਾਫੀ ਘੱਟ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਸਾਲ ਨਵੇਂ ਸਾਲ ਮੌਕੇ ਵੀ ਕਈ ਥਾਵਾਂ 'ਤੇ ਜਸ਼ਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ, ਜਿਸ ਨਾਲ ਸੈਲਾਨੀ ਨਿਰਾਸ਼ ਹੋਏ। ਸੈਲਾਨੀਆਂ ਦੀ ਖਾਸ ਪਸੰਦ ਰਿਹਾ ਆਸਟ੍ਰੇਲੀਆ ਆਉਣ ਵਾਲੇ ਸਮੇਂ 'ਚ ਆਰਥਿਕ ਨੁਕਸਾਨ ਦਾ ਸਾਹਮਣਾ ਕਰ ਸਕਦਾ ਹੈ।

ਹੁਣ ਤਕ 1500 ਤੋਂ ਵਧੇਰੇ ਘਰ ਤੇ ਕਈ ਕਾਰਾਂ-ਗੱਡੀਆਂ ਸੜ ਚੁੱਕੀਆਂ ਹਨ, ਇਸ ਲਈ ਲੋਕਾਂ ਨੇ ਇੰਸ਼ੋਰੈਂਸ ਕੌਂਸਲ ਆਫ ਆਸਟ੍ਰੇਲੀਆ ਨੂੰ ਬੀਮੇ ਦੇ ਤਕਰੀਬਨ 8200 ਕਲੇਮ ਭੇਜੇ ਹਨ, ਜਿਸ ਕਾਰਨ ਆਸਟ੍ਰੇਲੀਆ ਨੂੰ 70 ਕਰੋੜ ਡਾਲਰ ਚੁਕਾਉਣੇ ਪੈਣਗੇ। ਪਿਛਲੇ ਸਾਲ ਸਤੰਬਰ ਮਹੀਨੇ ਤੋਂ ਲੱਗੀ ਅੱਗ ਨੇ ਹੁਣ ਤਕ 27 ਲੋਕਾਂ ਦੀ ਜਾਨ ਲੈ ਲਈ ਹੈ।  ਹੁਣ ਤਕ 84 ਲੱਖ ਹੈਕਟੇਅਰ ਜ਼ਮੀਨ ਸੜ ਕੇ ਸਵਾਹ ਹੋ ਚੁੱਕੀ ਹੈ। ਨਿਊ ਸਾਊਥ ਵੇਲਜ਼ ਦੇ ਕੋਬਾਰਗੋ ਤੇ ਮੋਗੋ ਸ਼ਹਿਰ ਤਬਾਹ ਹੋ ਚੁੱਕੇ ਹਨ। ਇਸ ਲਈ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਅੱਗ 'ਤੇ ਤਾਂ ਭਾਵੇਂ ਕੁਝ ਦਿਨਾਂ ਤਕ ਪੂਰੀ ਤਰ੍ਹਾਂ ਕਾਬੂ ਪਾ ਲਵੇ ਪਰ ਇਸ ਕਾਰਨ ਹੋਏ ਨੁਕਸਾਨ ਨੂੰ ਭਰਨ ਲਈ ਲੰਬਾ ਸਮਾਂ ਲੱਗ ਸਕਦਾ ਹੈ।


Related News