550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਬੈਂਡਿਗੋ ਸ਼ਹਿਰ 'ਚ 'ੴ' ਦੀ ਸਥਾਪਨਾ

Wednesday, Nov 13, 2019 - 04:29 PM (IST)

550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਬੈਂਡਿਗੋ ਸ਼ਹਿਰ 'ਚ 'ੴ' ਦੀ ਸਥਾਪਨਾ

ਮੈਲਬੌਰਨ (ਮਨਦੀਪ ਸਿੰਘ ਸੈਣੀ): ਆਸਟ੍ਰੇਲੀਆ ਵੱਸਦੇ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮੰਗਲਵਾਰ ਨੂੰ ਵਿਕਟੋਰੀਆ ਸੂਬੇ ਦੇ ਖੇਤਰੀ ਸ਼ਹਿਰ ਬੈਂਡਿਗੋ ਵਿੱਚ 'ੴ' ਸਥਾਪਿਤ ਕੀਤਾ ਗਿਆ ਹੈ।ਸਿੱਖ ਧਰਮ ਵਿੱਚ ਖਾਸ ਮਹੱਤਵ ਰੱਖਣ ਵਾਲੇ ਇਸ ਸੋਨੇ ਰੰਗੇ ਚਿੰਨ੍ਹ ਦਾ ਉਦਘਾਟਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਬੈਂਡਿਗੋ  ਸ਼ਹਿਰ ਦੇ ਪੀਸ ਪਾਰਕ ਵਿੱਚ ਕੀਤਾ ਗਿਆ ।

ਗੁਰੂ ਜੀ ਦੇ ਸਾਜੇ-ਨਿਵਾਜੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਵਿੱਚ ਅਰਦਾਸ ਤੋਂ ਉਪਰੰਤ ਜੈਕਾਰਿਆਂ ਦੀ ਗੂੰਜ ਵਿੱਚ 'ੴ' ਤੋਂ ਪਰਦਾ ਚੁੱਕਿਆ ਗਿਆ। 'ਰੱਬ ਇੱਕ ਹੈ' ਦਾ ਸ਼ੰਦੇਸ਼ ਦਿੰਦਾ ਹੋਇਆ ਇਹ ਧਾਰਮਿਕ ਚਿੰਨ੍ਹ ਖਾਸ ਤੌਰ 'ਤੇ ਪੰਜਾਬ ਤੋਂ ਮੰਗਵਾਇਆ ਗਿਆ ਹੈ ਤੇ ਇਸ ਨੂੰ ਤਿਆਰ ਕਰਨ ਵਿੱਚ ਤਕਰੀਬਨ ਪੰਜ ਸਾਲ ਦਾ ਸਮਾਂ ਲੱਗਾ ਹੈ।ਵਿਕਟੋਰੀਅਨ ਗੁਰੂਦੁਆਰਾ ਸਿੱਖ ਕੌਂਸਲ ਅਤੇ 'ਸਟੂਪਾ' ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿੱਚ ਸਿੱਖ ਸੰਗਤਾਂ ਤੋਂ ਇਲਾਵਾ ਸਥਾਨਕ ਬੈਂਡਿਗੋ ਸ਼ਹਿਰ ਦੇ ਮੇਅਰ ਮਾਰਗਰੇਟ ਓ ਰਾਊਕ, ਡੀਨ ਮੈਕਲਰਾਏ, ਇਆਨ ਗਰੀਨ ਸਮੇਤ ਕਈ ਉੱਚ ਪ੍ਰਬੰਧਕੀ ਅਧਿਕਾਰੀਆਂ ਨੇ ਹਾਜ਼ਰੀ ਭਰੀ।

PunjabKesari

ਇਸ ਮੌਕੇ ਬੋਧੀ, ਮੁਸਲਿਮ, ਹਿੰਦੂ ਅਤੇ ਈਸਾਈ ਧਰਮਾਂ ਨਾਲ ਸੰਬੰਧਤ ਲੋਕਾਂ ਨੇ ਵੀ ਸ਼ਿਰਕਤ ਕੀਤੀ।ਇਸ ਚਿੰਨ੍ਹ ਦੀ ਸਥਾਪਤੀ ਲਈ ਡਾਕਟਰ ਸੁਪਰੀਆ ਸਿੰਘ, ਗੁਰਦਰਸ਼ਨ ਸਿੰਘ, ਸੁਖਵੰਤ ਸਿੰਘ, ਸੰਦੀਪ ਸਿੰਘ, ਏ.ਪੀ.ਸਿੰਘ, ਪਿਆਰਾ ਸਿੰਘ ਸਮੇਤ ਸਥਾਨਕ ਸੰਗਤ ਦਾ ਖਾਸ ਯੋਗਦਾਨ ਰਿਹਾ।ਦੱਸਣਯੋਗ ਹੈ ਕਿ ਬੈਂਡਿਗੋ ਆਸਟ੍ਰੇਲੀਆ ਦਾ ਪਹਿਲਾ ਸ਼ਹਿਰ ਬਣ ਗਿਆ ਹੈ ਜਿੱਥੇ ਕਿ ਪਾਰਕ ਵਿੱਚ ਸਿੱਖ ਧਰਮ ਦਾ ਚਿੰਨ੍ਹ ਜਨਤਕ ਤੌਰ 'ਤੇ ਲਗਾਇਆ ਗਿਆ ਹੈ।ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ 'ਤੇ ਲਗਾਏ ਗਏ ਇਸ ਧਾਰਮਿਕ ਚਿੰਨ੍ਹ ਕਰਕੇ ਆਸਟ੍ਰੇਲੀਆ ਵੱਸਦੇ ਸਿੱਖ ਭਾਈਚਾਰੇ ਦੇ ਲੋਕ ਮਾਣ ਮਹਿਸੂਸ ਕਰ ਰਹੇ ਹਨ।


author

Vandana

Content Editor

Related News