ਆਸਟ੍ਰੇਲੀਆ : ਜੰਗਲੀ ਅੱਗ ਨੂੰ ਕਾਬੂ ਕਰਨ ਲਈ ਬੁਲਾਈ ਗਈ ਰਿਜ਼ਰਵ ਫੌਜ

01/04/2020 2:16:41 PM

ਮੈਲਬੌਰਨ— ਆਸਟ੍ਰੇਲੀਅਨ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸ਼ਨੀਵਾਰ ਨੂੰ 3000 ਰਿਜ਼ਰਵ ਫੌਜੀਆਂ ਨੂੰ ਬੁਲਾਇਆ ਹੈ ਤਾਂ ਕਿ ਜੰਗਲੀ ਅੱਗ ਨੂੰ ਬੁਝਾਉਣ ਲਈ ਉਪਰਾਲੇ ਕੀਤੇ ਜਾ ਸਕਣ। ਤੁਹਾਨੂੰ ਦੱਸ ਦਈਏ ਕਿ ਹੁਣ ਤਕ ਇਸ ਅੱਗ ਕਾਰਨ 23 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੱਖਿਆ ਮੰਤਰੀ ਲਿੰਦਾ ਰੀਨਾਲਡਸ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਇੰਨੀ ਵੱਡੀ ਗਿਣਤੀ 'ਚ ਰਿਜ਼ਰਵ ਫੌਜ ਨੂੰ ਸੱਦਿਆ ਗਿਆ ਹੋਵੇ।

ਮੌਰੀਸਨ ਨੇ ਕਿਹਾ ਕਿ ਕੰਗਾਰੂ ਆਈਲੈਂਡ 'ਚ ਲੱਗੀ ਅੱਗ ਕਾਰਨ ਹੁਣ ਤਕ 23 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੋਰ 3000 ਫੌਜੀ, ਹੋਰ ਹੈਲੀਕਾਪਟਰ ਤੇ ਹੋਰ ਕਿਸ਼ਤੀਆਂ ਰਾਹੀਂ ਪ੍ਰਭਾਵਿਤ ਇਲਾਕਿਆਂ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਜਾਵੇਗੀ। ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਦੱਖਣੀ ਆਸਟ੍ਰੇਲੀਆ 'ਚ ਸਥਿਤੀ ਬੇਹੱਦ ਭਿਆਨਕ ਹੋ ਗਈ ਹੈ। ਇਸ ਕਾਰਨ ਦੱਖਣੀ ਆਸਟ੍ਰੇਲੀਆ 'ਚ 14,0000 ਹੈਕਟੇਅਰ ਖੇਤਰ ਜੰਗਲੀ ਅੱਗ ਕਾਰਨ ਬਰਬਾਦ ਹੋ ਚੁੱਕਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਧਿਕਾਰੀਆਂ ਵਲੋਂ ਖੇਤਰ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਇਕ ਲੱਖ ਲੋਕਾਂ ਨੂੰ ਫਾਇਰ ਜ਼ੋਨ ਖੇਤਰ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ ਤੇ ਹੁਣ ਤਕ 70 ਫੀਸਦੀ ਲੋਕਾਂ ਨੇ ਘਰ ਖਾਲੀ ਕਰ ਦਿੱਤੇ ਹਨ। ਤੇਜ਼ੀ ਨਾਲ ਚੱਲ ਰਹੀਆਂ ਹਵਾਵਾਂ ਕਾਰਨ ਅੱਗ ਲੱਗਣ ਦਾ ਖਤਰਾ ਹੋਰ ਵਧ ਗਿਆ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਸ ਸਥਿਤੀ ਨੂੰ ਦੇਖਦੇ ਹੋਏ ਭਾਰਤ ਦਾ ਦੌਰਾ ਵੀ ਰੱਦ ਕਰ ਦਿੱਤਾ ਹੈ।


Related News