ਇਤਿਹਾਸ ਸਿਰਜ ਗਿਆ ਪਨਵੇਕ ਵਿਸ਼ਵ ਕਬੱਡੀ ਕੱਪ, ਕੈਨੇਡਾ ਨੂੰ ਹਰਾ ਕੇ ਆਸਟ੍ਰੇਲੀਆ ਨੇ ਮਾਰੀ ਬਾਜ਼ੀ

04/23/2018 3:22:30 PM

ਮੈਲਬੋਰਨ (ਰਮਨਦੀਪ, ਮਨਦੀਪ)-ਆਸਟਰੇਲੀਅਨ ਕਬੱਡੀ ਫੈੱਡਰੇਸ਼ਨ ਅਤੇ ਸਹਿਯੋਗੀਆਂ ਵਲੋਂ ਪਹਿਲਾ 'ਪਨਵੇਕ ਕਬੱਡੀ ਵਿਸ਼ਵ ਕੱਪ' ਅੱਜ ਇਥੇ ਇਤਿਹਾਸ ਸਿਰਜ ਗਿਆ। ਐਤਵਾਰ ਨੂੰ ਮੈਲਬੋਰਨ ਦੇ ਲੇਕਸਾਈਡ ਸਟੇਡੀਅਮ, ਐਲਬਰਟ ਪਾਰਕ 'ਚ ਕਰਵਾਏ ਗਏ ਇਸ ਕਬੱਡੀ ਕੱਪ 'ਚ ਅਮਰੀਕਾ, ਕੈਨੇਡਾ, ਪਾਕਿਸਤਾਨ, ਭਾਰਤ, ਈਰਾਨ, ਆਸਟਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਨੇ ਹਿੱਸਾ ਲਿਆ।
ਨਿੱਘੀ-ਨਿੱਘੀ ਧੁੱਪ 'ਚ ਕੌਮਾਂਤਰੀ ਕਬੱਡੀ ਖਿਡਾਰੀਆਂ ਦੀ ਦਰਸ਼ਨੀ ਖੇਡ ਦਾ ਨਜ਼ਾਰਾ ਲੈਣ ਲਈ ਸਟੇਡੀਅਮ 'ਚ ਹਜ਼ਾਰਾਂ ਦੀ ਗਿਣਤੀ 'ਚ ਦਰਸ਼ਕ ਪਹੁੰਚੇ। ਕਬੱਡੀ ਦੇ ਸਾਰੇ ਮੁਕਾਬਲੇ ਬਹੁਤ ਹੀ ਫਸਵੇਂ ਤੇ ਰੋਮਾਂਚਕ ਰਹੇ। ਆਖਰੀ ਮੁਕਾਬਲਾ ਆਸਟਰੇਲੀਆ ਅਤੇ ਕੈਨੇਡਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ 'ਚ ਆਸਟਰੇਲੀਆ ਦੀ ਟੀਮ 22.5 ਦੇ ਮੁਕਾਬਲੇ 34 ਅੰਕਾਂ ਨਾਲ ਜੇਤੂ ਰਹੀ।
ਲੇਕਸਾਈਡ ਸਟੇਡੀਅਮ ਦੇ ਖੁੱਲ੍ਹੇ ਮੈਦਾਨ 'ਚ ਦੁਧੀਆ ਰੌਸ਼ਨੀ ਹੇਠ ਕਰਵਾਏ ਗਏ ਇਸ ਫਾਈਨਲ ਮੁਕਾਬਲੇ 'ਚ ਕਬੱਡੀ ਖਿਡਾਰੀਆਂ ਦੀ ਵਧੀਆ ਖੇਡ ਦੀ ਹੌਸਲਾ ਅਫਜ਼ਾਈ ਕਰਦਿਆਂ ਖੇਡ ਪ੍ਰੇਮੀਆਂ ਨੇ ਡਾਲਰਾਂ ਦਾ ਮੀਂਹ ਵਰ੍ਹਾ ਦਿੱਤਾ। ਪਨਵਿਕ ਗਰੁੱਪ ਦੇ ਪ੍ਰਬੰਧਕਾਂ ਵਲੋਂ ਆਸਟਰੇਲੀਆ ਦੀ ਜੇਤੂ ਕਬੱਡੀ ਟੀਮ ਨੂੰ 21 ਹਜ਼ਾਰ ਡਾਲਰ ਅਤੇ ਕੈਨੇਡਾ ਦੀ ਉਪ-ਜੇਤੂ ਟੀਮ ਨੂੰ 15 ਹਜ਼ਾਰ ਡਾਲਰ ਭੇਟ ਕੀਤੇ ਗਏ । ਸਰਬੋਤਮ ਰੇਡਰ ਕਾਲਾ ਧਨੌਲਾ ਅਤੇ ਵਧੀਆ ਜਾਫੀ ਗੁਰਦਿੱਤ ਸਿੰਘ ਕੈਨੇਡਾ ਨੂੰ ਐਲਾਨਿਆ ਗਿਆ ਤੇ ਇਨ੍ਹਾਂ ਖਿਡਾਰੀਆਂ ਨੂੰ 1500-1500 ਡਾਲਰ ਤੇ ਯਾਦਗਾਰੀ ਚਿੰਨ੍ਹ ਇਨਾਮ ਵਜੋਂ ਦਿੱਤੇ ਗਏ । ਕਬੱਡੀ ਦੇ ਸਟਾਰ ਖਿਡਾਰੀ ਰੂਬੀ ਹਰਖੋਵਾਲ ਨੂੰ ਟੂਰਨਾਮੈਂਟ ਦੇ ਵਧੀਆ ਖਿਡਾਰੀ ਵਜੋਂ ਸਨਮਾਨਿਤ ਕੀਤਾ ਗਿਆ।
ਪੰਜਾਬੀ ਪਹਿਰਾਵੇ 'ਚ ਸਜੀਆਂ ਆਸਟਰੇਲੀਆਈ ਕੁੜੀਆਂ ਵਲੋਂ ਹਰ ਇਕ ਕਬੱਡੀ ਟੀਮ ਨੂੰ ਸਬੰਧਤ ਦੇਸ਼ ਦੇ ਝੰਡੇ ਹੇਠ ਧੂਮ-ਧੜੱਕੇ ਨਾਲ ਮੈਦਾਨ 'ਚ ਲੈ ਕੇ ਆਉਣਾ ਦਰਸ਼ਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਰੂਹ ਪੰਜਾਬ ਦੀ ਭੰਗੜਾ ਅਕਾਦਮੀ ਦੇ ਛੋਟੇ ਬੱਚਿਆਂ ਵਲੋਂ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ ਤੇ ਪ੍ਰਸਿੱਧ ਗਾਇਕ ਜੈਜ਼ੀ ਬੈਂਸ ਤੇ ਮਿਸ ਪੂਜਾ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਮੁੱਖ ਪ੍ਰਬੰਧਕ ਸਰਬਜੋਤ ਸਿੰਘ ਢਿੱਲੋਂ ਅਤੇ ਰੁਪਿੰਦਰ ਬਰਾੜ ਨੇ ਦੱਸਿਆ ਕਿ ਇਸ ਕਬੱਡੀ ਕੱਪ ਦਾ ਮੰਤਵ ਮਾਂ ਖੇਡ ਕਬੱਡੀ ਨੂੰ ਹੋਰ ਪ੍ਰਫੁੱਲਤ ਕਰ ਕੇ ਅਜੋਕੀ ਪੀੜ੍ਹੀ ਨੂੰ ਖੇਡਾਂ ਨਾਲ ਜੋੜਨਾ ਹੈ। ਉਨ੍ਹਾਂ ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ। ਸਿਡਨੀ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਡਾਕਟਰ ਜਗਵਿੰਦਰ ਸਿੰਘ ਵਿਰਕ ਨੇ ਇਸ ਉੱਦਮ ਲਈ ਮੈਲਬੋਰਨ ਵਾਸੀਆਂ ਨੂੰ ਵਧਾਈ ਦਿੰਦਿਆਂ ਇਸ ਪੱਧਰ ਦਾ ਕਬੱਡੀ ਕੱਪ ਭਾਰਤ ਸਮੇਤ ਵੱਖ-ਵੱਖ ਦੇਸ਼ਾਂ 'ਚ ਕਰਵਾਉਣ ਦੀ ਤਜਵੀਜ਼ ਪੇਸ਼ ਕੀਤੀ। ਅੰਤ 'ਚ ਪਨਵਿਕ ਗਰੁੱਪ ਦੇ ਸਮੂਹ ਮੈਂਬਰਾਂ ਵਲੋਂ ਕਬੱਡੀ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਆਸਟਰੇਲੀਆਈ ਕਬੱਡੀ ਫੈੱਡਰੇਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਬਾਸੀ ਨੂੰ ਸਨਮਾਨਿਤ ਕੀਤਾ। ਆਪਣੇ ਧੰਨਵਾਦੀ ਭਾਸ਼ਣ 'ਚ ਸ਼੍ਰੀ ਬਾਸੀ ਨੇ ਅਗਲੇ ਵਰ੍ਹੇ 21 ਅਪ੍ਰੈਲ ਨੂੰ ਵਿਸ਼ਵ ਕੱਪ 2019 ਕਰਵਾਉਣ ਦਾ ਐਲਾਨ ਵੀ ਕੀਤਾ । ਉਨ੍ਹਾਂ ਕਿਹਾ ਕਿ ਕਬੱਡੀ ਨੂੰ ਕੁੜੀਆਂ ਵਿਚ ਹਰਮਨਪਿਆਰੀ ਖੇਡ ਬਣਾਉਣ ਲਈ ਵਿਸ਼ੇਸ਼ ਨੀਤੀ ਬਣਾਈ ਜਾ ਰਹੀ ਹੈ ਤੇ ਅਗਲੇ ਸਾਲ ਦੇ ਵਿਸ਼ਵ ਕੱਪ 'ਚ ਕੁੜੀਆਂ ਦੇ ਮੈਚ ਵੀ ਕਰਵਾਏ ਜਾਣਗੇ।
ਉਪ-ਪ੍ਰਧਾਨ ਮੰਤਰੀ ਮਾਈਕਲ ਵਿਸ਼ੇਸ਼ ਤੌਰ 'ਤੇ ਪਹੁੰਚੇ
ਇਸ ਮਹਾਕੁੰਭ 'ਚ ਆਸਟਰੇਲੀਆ ਦੇ ਉਪ-ਪ੍ਰਧਾਨ ਮੰਤਰੀ ਮਾਈਕਲ ਮੈਕਾਰਮੈਕ ਵਿਸ਼ੇਸ਼ ਤੌਰ 'ਤੇ ਪਹੁੰਚੇ। ਆਪਣੇ ਸੰਖੇਪ ਭਾਸ਼ਣ 'ਚ ਉਪ-ਪ੍ਰਧਾਨ ਮੰਤਰੀ ਨੇ ਆਸਟਰੇਲੀਆ ਵਰਗੇ ਬਹੁ-ਸੱਭਿਆਚਾਰਕ ਦੇਸ਼ ਵਿਚ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੂੰ ਇਕੱਠਾ ਕਰ ਕੇ ਅਤੇ ਕੌਮਾਂਤਰੀ ਪੱਧਰ 'ਤੇ ਇਸ ਕਬੱਡੀ ਕੱਪ ਨੂੰ ਕਰਵਾਉਣ ਲਈ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਹਰਿਆਣਾ ਤੋਂ ਉਚੇਚੇ ਤੌਰ 'ਤੇ ਪੁੱਜੇ ਚੌਧਰੀ ਅਭੈ ਸਿੰਘ ਚੌਟਾਲਾ ਨੇ ਵੀ ਹਾਜ਼ਰੀ ਭਰੀ ਤੇ ਮੈਚ ਦਾ ਆਨੰਦ ਮਾਣਿਆ।
ਇਨ੍ਹਾਂ ਨੇ ਕੀਤੀ ਕੁਮੈਂਟਰੀ
ਮੈਚਾਂ ਦੀ ਕੁਮੈਂਟਰੀ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਕਬੱਡੀ ਕੁਮੈਂਟੇਟਰ ਮੱਖਣ ਅਲੀ, ਦਰਸ਼ਨ ਬੜੀ, ਅਮਰੀਕਾ ਤੋਂ ਰੰਡਿਆਲਾ ਐੱਮ. ਜੀ. ਆਰ., ਗੱਗੀ ਮਾਨ, ਰੋਜ਼ੀ ਖਹਿਰਾ, ਪਵਨ ਸੇਖੋਂ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ।


Related News