ਆਸਟ੍ਰੇਲੀਆ ਨੇ ਰੂਸ ਵਿਰੁੱਧ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ, ਪੁਤਿਨ ''ਤੇ ਲਗਾਈ ਯਾਤਰਾ ਪਾਬੰਦੀ

Monday, Feb 28, 2022 - 10:37 AM (IST)

ਆਸਟ੍ਰੇਲੀਆ ਨੇ ਰੂਸ ਵਿਰੁੱਧ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ, ਪੁਤਿਨ ''ਤੇ ਲਗਾਈ ਯਾਤਰਾ ਪਾਬੰਦੀ

ਕੈਨਬਰਾ (ਏ.ਐੱਨ.ਆਈ.): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਰੂਸੀ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ 'ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ।ਮੌਰੀਸਨ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕ੍ਰੇਨ ਖ਼ਿਲਾਫ਼ ਉਸ ਦੀ ਘਿਨਾਉਣੀ ਅਣਉਚਿਤ ਜੰਗ ਲਈ ਜਵਾਬਦੇਹ ਠਹਿਰਾ ਰਹੇ ਹਾਂ। ਬੀਤੀ ਅੱਧੀ ਰਾਤ ਤੋਂ ਆਸਟ੍ਰੇਲੀਆ ਵੱਲੋਂ ਵਿੱਤੀ ਅਤੇ ਯਾਤਰਾ ਪਾਬੰਦੀਆਂ ਰੂਸੀ ਰਾਸ਼ਟਰਪਤੀ ਅਤੇ ਰੂਸ ਦੀ ਸੁਰੱਖਿਆ ਕੌਂਸਲ ਦੇ ਬਾਕੀ ਸਥਾਈ ਮੈਂਬਰਾਂ: ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਰੱਖਿਆ ਮੰਤਰੀ ਸਰਗੇਈ ਸ਼ੋਇਗੂ, ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਤੀਨ ਅਤੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਵਲਾਦੀਮੀਰ ਕੋਲੋਕੋਲਤਸੇਵ 'ਤੇ ਲਾਗੂ ਹੋ ਗਈਆਂ।

ਉਹਨਾਂ ਨੇ ਅੱਗੇ ਕਿਹਾ ਕਿ ਆਸਟ੍ਰੇਲੀਆ ਸਭ ਤੋਂ ਤਾਜ਼ਾ ਰੂਸ ਵਿਰੋਧੀ ਉਪਾਵਾਂ ਦਾ ਸਮਰਥਨ ਕਰਦਾ ਹੈ, ਜਿਸ ਵਿੱਚ ਕੁਝ ਰੂਸੀ ਬੈਂਕਾਂ ਨੂੰ ਸੋਸਾਇਟੀ ਫਾਰ ਵਰਲਡਵਾਈਡ ਇੰਟਰਬੈਂਕ ਫਾਈਨੈਂਸ਼ੀਅਲ ਟੈਲੀਕਮਿਊਨੀਕੇਸ਼ਨ (SWIFT) ਤੋਂ ਡਿਸਕਨੈਕਟ ਕਰਨਾ ਸ਼ਾਮਲ ਹੈ।ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਰੂਸ 'ਤੇ ਹੋਰ ਆਰਥਿਕ ਪਾਬੰਦੀਆਂ ਲਗਾਉਣ ਲਈ ਸਹਿਯੋਗੀਆਂ ਅਤੇ ਸਮਾਨ ਸੋਚ ਵਾਲੇ ਦੇਸ਼ਾਂ ਨਾਲ ਕੰਮ ਕਰਨਾ ਜਾਰੀ ਰੱਖੇਗਾ। ਉਹ ਰੂਸ ਦੇ ਸਭ ਤੋਂ ਪ੍ਰਭਾਵਸ਼ਾਲੀ ਰਾਜਨੀਤਕ ਅਤੇ ਫ਼ੌਜੀ ਨਾਇਕਾਂ ਦੇ ਵਿਰੁੱਧ ਹਾਲ ਹੀ ਦੇ ਦਿਨਾਂ ਵਿੱਚ ਲਾਗੂ ਯਾਤਰਾ ਪਾਬੰਦੀਆਂ ਅਤੇ ਸੰਪੱਤੀ ਫ੍ਰੀਜ਼ ਦੇ ਬੇੜੇ ਨੂੰ ਅੱਗੇ ਵਧਾਏਗਾ। 

ਪੜ੍ਹੋ ਇਹ ਅਹਿਮ ਖ਼ਬਰ- ਰੂਸ-ਯੂਕ੍ਰੇਨ ਯੁੱਧ ਦਾ ਪੰਜਵਾਂ ਦਿਨ, ਹੁਣ ਤੱਕ 14 ਬੱਚਿਆਂ ਸਮੇਤ 352 ਲੋਕਾਂ ਦੀ ਮੌਤ 

ਉਹਨਾਂ ਨੇ ਦੁਹਰਾਇਆ ਕਿ ਆਸਟ੍ਰੇਲੀਆ ਕੀਵ ਨੂੰ "ਘਾਤਕ" ਫੌਜੀ ਉਪਕਰਣ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਲਈ ਨਾਟੋ ਨਾਲ ਕੰਮ ਕਰੇਗਾ।ਮੌਰੀਸਨ ਨੇ ਕਿਹਾ ਕਿ "ਤੁਰੰਤ ਉਪਾਅ ਵਜੋਂ, ਗੈਰ-ਘਾਤਕ ਫ਼ੌਜੀ ਉਪਕਰਨਾਂ ਅਤੇ ਡਾਕਟਰੀ ਸਪਲਾਈ ਦੀ ਸਹਾਇਤਾ ਲਈ ਆਸਟ੍ਰੇਲੀਆ ਯੂਕ੍ਰੇਨ ਲਈ ਨਾਟੋ ਦੇ ਟਰੱਸਟ ਫੰਡ ਵਿੱਚ 3 ਮਿਲੀਅਨ ਅਮਰੀਕੀ ਡਾਲਰ ਦਾ ਯੋਗਦਾਨ ਦੇਵੇਗਾ। ਸਾਡੇ ਭਾਈਵਾਲਾਂ ਨਾਲ ਘਾਤਕ ਫ਼ੌਜੀ ਉਪਕਰਨ ਦੇ ਆਸਟ੍ਰੇਲੀਆ ਦੇ ਯੋਗਦਾਨ ਦੇ ਵੇਰਵਿਆਂ 'ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਇਸ ਦੀ ਘੋਸ਼ਣਾ ਕੀਤੀ ਜਾਵੇਗੀ। ਮੌਰੀਸਨ ਦੇ ਬਿਆਨ ਦੇ ਅਨੁਸਾਰ ਆਸਟ੍ਰੇਲੀਆਈ ਸਰਕਾਰ ਯੂਰਪੀਅਨ ਕਮਿਸ਼ਨ, ਫਰਾਂਸ, ਜਰਮਨੀ, ਇਟਲੀ, ਯੂਨਾਈਟਿਡ ਕਿੰਗਡਮ, ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੁਆਰਾ ਪ੍ਰਮੁੱਖ ਰੂਸੀ ਬੈਂਕਾਂ, ਸੰਸਥਾਵਾਂ ਅਤੇ ਵਿਅਕਤੀਆਂ ਵਿਰੁੱਧ ਹੋਰ ਪਾਬੰਦੀਆਂ ਵਾਲੇ ਆਰਥਿਕ ਉਪਾਵਾਂ ਦੇ ਐਲਾਨਾਂ ਦਾ ਜ਼ੋਰਦਾਰ ਸਮਰਥਨ ਕਰਦੀ ਹੈ।ਮੌਰੀਸਨ ਨੇ ਅੱਗੇ ਕਿਹਾ ਕਿ ਇਹ ਸਾਰੇ ਉਪਾਅ ਅੰਤਰਰਾਸ਼ਟਰੀ ਵਿੱਤੀ ਪ੍ਰਣਾਲੀ ਤੋਂ ਰੂਸ ਦੇ ਮੁੱਖ ਬੈਂਕਾਂ ਨੂੰ ਡਿਸਕਨੈਕਟ ਕਰਕੇ ਰੂਸੀ ਵਪਾਰ ਅਤੇ ਨਿਵੇਸ਼ ਦੇ ਪ੍ਰਵਾਹ ਨੂੰ ਵਿਗਾੜ ਕੇ ਰੂਸੀ ਅਰਥਵਿਵਸਥਾ 'ਤੇ ਗੰਭੀਰ ਪ੍ਰਭਾਵ ਪਾਉਣਗੇ। ਉਹ ਰੂਸ ਦੇ ਵਿਦੇਸ਼ੀ ਭੰਡਾਰ ਨੂੰ ਵੀ ਪ੍ਰਭਾਵਿਤ ਕਰਨਗੇ।  

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News