ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 2023 ਬੀਬੀਆਂ ਦੇ ਫੀਫਾ ਵਿਸ਼ਵ ਕੱਪ ਦੀ ਕਰਨਗੇ ਮੇਜ਼ਬਾਨੀ

06/26/2020 4:29:16 PM

ਬ੍ਰਿਸਬੇਨ, (ਸੁਰਿੰਦਰ ਪਾਲ ਸਿੰਘ ਖੁਰਦ)- ਇੱਥੇ ਮੌਜੂਦਾ ਕਿਆਸ ਆਰਾਈਆਂ ਤੋਂ ਉਲਟ 2023 ਫੀਫਾ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਲਈ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੋਵੇਂ ਮੁਲਕ ਇਤਿਹਾਸਕ ਸਾਂਝੀ ਬੋਲੀ ‘ਚ 35 ਵਿੱਚੋਂ 22 ਵੋਟਾਂ ਲੈਣ ‘ਚ ਸਫਲ ਰਹੇ ਹਨ। ਗੌਰਤਲਬ ਹੈ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਫੀਫਾ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਇਨ੍ਹਾਂ ਦੋਹਾਂ ਮੁਲਕਾਂ ਵੱਲੋਂ (ਆਸਟ੍ਰੇਲੀਆ, ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ ਦਾ ਹਿੱਸਾ ਅਤੇ ਨਿਊਜ਼ੀਲੈਂਡ ਓਸ਼ੀਅਨ ਸ਼ਾਖਾ ਦਾ ਮੈਂਬਰ) ਸਾਂਝੇ ਰੂਪ ਨਿਭਾਈ ਜਾਵੇਗੀ।

ਪਿਛਲੇ ਦਿਨਾਂ ਦੀ ਬੋਲੀ ‘ਚ ਜਾਪਾਨ ਅਤੇ ਬ੍ਰਾਜ਼ੀਲ ਦੇ ਬਾਹਰ ਹੋਣ ਤੋਂ ਬਾਅਦ ਕੋਲੰਬੀਆ ਦੇਸ਼ ਦਾ ਦਾਅਵਾ ਮਜ਼ਬੂਤ ਮੰਨਿਆ ਜਾ ਰਿਹਾ ਸੀ। ਪਰ ਆਸਟਰੇਲੀਆ ਅਤੇ ਨਿਊਜ਼ੀਲੈਂਡ ਨੇ ਆਪਣੀ ਸਾਂਝ ਦੇ ਜ਼ਰੀਏ ਵੱਡੇ ਪੱਧਰ ਦੇ ਸਮਾਗਮ ਦੀ ਮੇਜ਼ਬਾਨੀ ਦੇ ਦਾਅਵੇ ਨਾਲ ਅੰਤਿਮ ਨਿਰਣਾ ਆਪਣੇ ਨਾਂ ਕਰਵਾਇਆ। ਆਸਟ੍ਰੇਲੀਆ ਨੂੰ ਪੰਜ ਵਿਚੋਂ 4.1 ਅਤੇ ਕੋਲੰਬੀਆ ਨੇ 2.8 ਅੰਕ ਹਾਸਲ ਹੋਏ। ਜ਼ਿਕਰਯੋਗ ਹੈ ਕਿ ਕੋਲੰਬੀਆ, ਜਿਸ ਨੇ ਸਾਲ 2019 ਦੇ ਮਹਿਲਾ ਵਿਸ਼ਵ ਕੱਪ ਲਈ ਯੋਗਤਾ ਪੂਰੀ ਨਹੀਂ ਕੀਤੀ ਸੀ, ਨੂੰ ਯੂਰਪੀਅਨ ਫੁੱਟਬਾਲ ਸੰਸਥਾ ਯੂ. ਈ. ਐੱਫ. ਏ. ਦੇ ਨੌਂ ਵੋਟਰਾਂ ਵਿੱਚੋਂ ਜ਼ਿਆਦਾਤਰ ਵੋਟਾਂ ਪ੍ਰਾਪਤ ਹੋਈਆਂ। ਸਮਾਗਮ ਵਿੱਚ ਫੀਫਾ ਕੌਂਸਲ ਦੇ ਪ੍ਰਧਾਨ ਇਨਫੈਂਟਿਨੋ ਅਤੇ ਸੱਕਤਰ-ਜਨਰਲ ਫਤਮਾ ਸਾਂਬਾ ਦਿਉਫ ਸਮੌਰਾ ਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੂੰ ਅਧਿਕਾਰਤ ਮੇਜ਼ਬਾਨੀ ਦਾ ਪ੍ਰਮਾਣ ਪੱਤਰ ਸੌਂਪਦੇ ਹੋਏ ਐਲਾਨ ਕੀਤਾ ਕਿ ਅਗਾਮੀ 2023 ਵਰਲਡ ਕੱਪ ਲਈ ਮਹਿਲਾ ਫੁੱਟਬਾਲ ਦੇ ਵਿਕਾਸ 'ਤੇ ਬਹੁਤ ਸਕਾਰਾਤਮਕਤਾ ਨਾਲ ਕੰਮ ਹੋਵੇਗਾ।

PunjabKesari

ਫੁੱਟਬਾਲ ਫੈਡਰੇਸ਼ਨ ਆਸਟਰੇਲੀਆ ਦੇ ਚੇਅਰਮੈਨ ਕ੍ਰਿਸ ਨਿੱਕੂ ਨੇ ਕਿਹਾ ਕਿ ਇਸ ਇਤਿਹਾਸਕ ਤੇ ਸਫਲਤਾਪੂਰਵਕ ਬੋਲੀ ਨਾਲ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਫੁੱਟਬਾਲ ਨੂੰ ਵਧਾਉਣ ਦਾ ਇਕ ਵਿਸ਼ਾਲ ਮੌਕਾ ਮਿਲੇਗਾ। ਨਿਊਜ਼ੀਲੈਂਡ ਫੁਟਬਾਲ ਫੈਡਰੇਸ਼ਨ ਦੇ ਪ੍ਰਧਾਨ ਜੋਹਾਨਾ ਵੁੱਡ ਨੇ ਵਾਅਦਾ ਕੀਤਾ ਕਿ ਦੋਵੇਂ ਰਾਸ਼ਟਰ ਇੱਕ ਯਾਦਗਰ ਟੂਰਨਾਮੈਂਟ ਕਰਵਾਉਣ ਲਈ ਮਿਲ ਕੇ ਕੰਮ ਕਰਨਗੇ। ਉੱਧਰ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੈਸ਼ਿੰਡਾ ਆਡਰਨ ਨੇ ਸਾਂਝੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਦੋਵੇਂ ਪਾਸਿਆਂ ਤੋਂ ਫੁੱਟਬਾਲ ਅਤੇ ਖੇਡ ਉਦਯੋਗਾਂ ਲਈ ਕੋਵੀਡ -19 ਤੋਂ ਮੁੜ ਉੱਭਰਨ ਤੇ ਉਸਾਰਣ ਦਾ ਬਹੁਤ ਵੱਡਾ ਸਾਂਝਾ ਉੱਦਮ ਹੋਵੇਗਾ। ਉਨ੍ਹਾਂ ਹੋਰ ਕਿਹਾ ਕਿ 2023 ਦਾ ਮਹਿਲਾ ਵਰਲਡ ਕੱਪ ਈਵੈਂਟ ਬਿਨਾਂ ਸ਼ੱਕ ਸਭ ਤੋਂ ਵੱਡਾ ਅਤੇ ਯਾਦਗਾਰੀ ਹੋਵੇਗਾ। ਦੋਵਾਂ ਮੁਲਕਾਂ ਦੇ ਅਧਿਕਾਰੀਆਂ ਅਤੇ ਖੇਡ ਪ੍ਰੇਮੀਆਂ ‘ਚ ਖੁਸ਼ੀ ਦੀ ਲਹਿਰ ਹੈ, ਅਤੇ ਇਸ ਘੋਸ਼ਣਾ ਤੋਂ ਬਾਅਦ ਸਿਡਨੀ ਓਪੇਰਾ ਹਾਊਸ ਦੇ ‘ਤੇ ਮਟਿਲਦਾਸ ਦੇ ਕਪਤਾਨ ਸੈਮ ਕੇਰ ਦੀ ਮਸ਼ਹੂਰ ਤਸਵੀਰ ਦੇ ਨਾਲ ਆਤਿਸ਼ਬਾਜੀ ਅਤੇ ਰੌਸ਼ਨੀਆਂ ਨਾਲ ਚਮਕਿਆ।
 


Lalita Mam

Content Editor

Related News