ਵਿਕਟੋਰੀਆ 'ਚ ਭਿਆਨਕ ਤੂਫਾਨ, 4 ਸਾਲਾ ਅਯਾਨ ਕਪੂਰ ਦੀ ਰੁੱਖ ਡਿੱਗਣ ਕਾਰਨ ਮੌਤ

Saturday, Aug 29, 2020 - 01:03 PM (IST)

ਵਿਕਟੋਰੀਆ 'ਚ ਭਿਆਨਕ ਤੂਫਾਨ, 4 ਸਾਲਾ ਅਯਾਨ ਕਪੂਰ ਦੀ ਰੁੱਖ ਡਿੱਗਣ ਕਾਰਨ ਮੌਤ

ਮੈਲਬੌਰਨ (ਸੁਨੀਲ): ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਬੀਤੀ ਸ਼ਾਮ ਭਿਆਨਕ ਤੂਫਾਨ ਆਇਆ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਤੂਫਾਨ ਵਿਚ ਚਾਰ ਸਾਲਾ ਅਯਾਨ ਕਪੂਰ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ, ਜਦੋ ਉਹ ਆਪਣੇ ਮਾਤਾ-ਪਿਤਾ ਦੇ ਨਾਲ ਕੁਝ ਸਮੇਂ ਦੇ ਲਈ ਘਰੋਂ ਬਾਹਰ ਗਿਆ ਸੀ। ਉਸ ਸਮੇਂ ਅਯਾਨ ਦੀ ਛੋਟੀ ਭੈਣ ਵੀ ਨਾਲ ਸੀ, ਜਿਸ ਦੀ ਉਮਰ ਡੇਢ ਸਾਲ ਦੱਸੀ ਜਾ ਰਹੀ ਹੈ। ਅਯਾਨ ਦੇ ਪਿਤਾ ਵੀ ਇਸ ਹਾਦਸੇ ਕਾਰਨ ਬੁਰੀ ਹਾਲਤ ਵਿਚ ਹਨ ਅਤੇ ਖੁਦ ਨੂੰ ਹਾਦਸੇ ਦਾ ਦੋਸ਼ੀ ਮੰਨ ਰਹੇ ਹਨ। ਕਿਉਂਕਿ ਉਹ ਬੱਚਿਆਂ ਨੂੰ ਸੈਰ ਕਰਾਉਣ ਦੇ ਲਈ ਘਰੋਂ ਬਾਹਰ ਲੈ ਕੇ ਨਿਕਲੇ ਸਨ। 

ਇਸ ਦਰਮਿਆਨ ਮੌਸਮ ਵਿਚ ਆਈ ਭਿਆਨਕ ਤਬਦੀਲੀ ਕਾਰਨ ਸੜਕ ਦੇ ਕੰਢੇ 'ਤੇ ਲੱਗਾ ਇਕ ਰੁੱਖ ਅਯਾਨ ਦੇ ਉੱਪਰ ਆ ਡਿੱਗਾ। ਇਹ ਸਾਰਾ ਕੁਝ ਮਾਪਿਆਂ ਦੀਆਂ ਅੱਖਾਂ ਦੇ ਸਾਹਮਣੇ ਵਾਪਰਿਆ। ਇਸ ਕਾਰਨ ਉਹ ਹੁਣ ਤੱਕ ਸਦਮੇ ਵਿਚ ਹਨ। ਅਯਾਨ ਦੇ ਪਿਤਾ ਦੇ ਵੀ ਪੈਰ ਉੱਤੇ ਸੱਟ ਲੱਗੀ ਹੈ। ਇਹ ਹਾਦਸਾ ਹੌਥਰਨ ਰੋਡ, ਬਲੈਕਬੁਰਨ ਸਾਊਥ ਮੈਲਬੌਰਨ ਵਿਚ ਕੱਲ ਸ਼ਾਮ ਵਾਪਰਿਆ। ਅਯਾਨ ਨੂੰ ਤੁਰੰਤ ਬੌਕਸ ਹਿੱਲ ਹਸਪਤਾਲ ਲਿਜਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਰੋਇਲ ਚਿਲਡਰਨ ਹਸਪਤਾਲ ਸ਼ਿਫਟ ਕਰ ਦਿੱਤਾ ਗਿਆ। ਜਿੱਥੇ ਬੀਤੀ ਰਾਤ ਅਯਾਨ ਨੇ ਦਮ ਤੋੜਿਆ। 

ਇਕ ਛੋਟੇ ਬੱਚੇ ਦੀ ਹੋਈ ਇਸ ਅਚਾਨਕ ਦਰਦਨਾਕ ਮੌਤ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇੰਨ੍ਹਾਂ ਹੀ ਨਹੀਂ ਕੱਲ ਦੇ ਇਸ ਭਿਆਨਕ ਮੌਸਮ ਨੇ ਮੈਲਬੌਰਨ ਵਿਚ ਤਿੰਨ ਹੋਰ ਜਾਨਾਂ ਵੀ ਲਈਆਂ, ਜਿਹਨਾਂ ਵਿਚ ਜ਼ਿਆਦਾਤਰ ਜਾਨਾਂ ਰੁੱਖ ਡਿੱਗਣ ਕਾਰਨ ਹੀ ਗਈਆਂ। ਮੌਸਮ ਵਿਭਾਗ ਦੇ ਮੁਤਾਬਕ ਕੱਲ ਸ਼ਾਮ 5 ਵਜੇ ਤੋਂ 6 ਵਜੇ ਦੇ ਦਰਮਿਆਨ 100 ਤੋਂ 150 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਚੱਲੀਆ। ਜਿਸ ਕਾਰਨ ਬਹੁਤ ਸਾਰੀਆਂ ਥਾਵਾਂ 'ਤੇ ਰੁੱਖ, ਘਰਾਂ ਅਤੇ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਕੁਝ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਹਨ। ਅੱਜ ਸਵੇਰੇ ਆਈ ਜਾਣਕਾਰੀ ਮੁਤਾਬਕ ਹਾਲੇ ਵੀ 56,000 ਦੇ ਕਰੀਬ ਘਰਾਂ ਵਿਚ ਬਿਜਲੀ ਸਪਲਾਈ ਠੱਪ ਹੈ ਅਤੇ ਤਕਰੀਬਨ 2,50,000 ਘਰਾਂ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਹੈ। ਇਹਨਾਂ ਲੋਕਾਂ ਨੂੰ ਪਾਣੀ ਉਬਾਲ ਕੇ ਪੀਣ ਦੇ ਨਿਰਦੇਸ਼ ਦਿੱਤੇ ਗਏ ਹਨ।
 


author

Vandana

Content Editor

Related News