ਆਸਟ੍ਰੇਲੀਆ : ਨੇਤਰਹੀਨ ਲਾੜੀ ਦੀ ਅਪੀਲ ''ਤੇ ਮਹਿਮਾਨਾਂ ਨੇ ਅੱਖਾਂ ''ਤੇ ਬੰਨ੍ਹੀ ਪੱਟੀ
Saturday, Dec 01, 2018 - 05:22 PM (IST)

ਸਿਡਨੀ (ਏਜੰਸੀ)- ਆਸਟ੍ਰੇਲੀਆ ਦੇ ਕਵੀਂਜ਼ਲੈਂਡ ਵਿਚ ਇਕ ਨੇਤਰਹੀਨ ਲੜਕੀ ਦੇ ਵਿਆਹ ਵਿਚ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ। ਇਥੇ ਸਾਰੇ ਮਹਿਮਾਨਾਂ ਨੇ ਅੱਖਾਂ 'ਤੇ ਪੱਟੀ ਬੰਨ ਕੇ ਵਿਆਹ ਵਿਚ ਹਿੱਸਾ ਲਿਆ। ਦਰਅਸਲ ਅਜਿਹਾ ਕਰਨ ਲਈ ਖੁਦ ਲੜਕੀ ਨੇ ਮਹਿਮਾਨਾਂ ਨੂੰ ਅਪੀਲ ਕੀਤੀ ਸੀ। 32 ਸਾਲ ਦੀ ਸਟੇਫ ਐਗਨਿਊ ਚਾਹੁੰਦੀ ਸੀ ਕਿ ਉਸ ਦੇ ਵਿਆਹ ਵਿਚ ਸਾਰੇ ਲੋਕ ਉੰਝ ਹੀ ਮਹਿਸੂਸ ਕਰਨ ਜਿਵੇਂ ਉਹ ਖੁਦ ਕਰ ਰਹੀ ਹੈ। ਸਟੇਫ ਦੀ ਇਸ ਅਪੀਲ ਨੂੰ ਕਿਸੇ ਨੇ ਨਜ਼ਰਅੰਦਾਜ਼ ਨਹੀਂ ਕੀਤਾ ਅਤੇ ਸਾਰੇ ਲੋਕ ਉਸ ਨੂੰ ਸਪੋਰਟ ਕਰਨ ਲਈ ਅੱਖਾਂ 'ਤੇ ਕਾਲੀ ਪੱਟੀ ਬੰਨ ਕੇ ਪਹੁੰਚੇ।
ਰਾਬ ਨੂੰ ਕਦੇ ਨਹੀਂ ਦੇਖ ਸਕੀ ਸਟੇਫ
25 ਨਵੰਬਰ ਨੂੰ ਸਟੇਫ ਨੇ ਰਾਬ ਕੈਂਪਬੇਲ ਨਾਲ ਵਿਆਰ ਕਰ ਲਿਆ। ਸਟੇਫਨੀ ਨੇ ਕਦੇ ਰਾਬ ਨੂੰ ਨਹੀਂ ਦੇਖਿਆ। ਕੁਝ ਸਾਲ ਪਹਿਲਾਂ ਕੋਨ ਡਿਸਟ੍ਰੋਫੀ ਨਾਂ ਦੀ ਬੀਮਾਰੀ ਕਾਰਨ ਉਸ ਦੀਆਂ ਅੱਖਾਂ ਦੀ ਰੌਸ਼ਨੀ ਪੂਰੀ ਤਰ੍ਹਾਂ ਚਲੀ ਗਈ ਸੀ। ਗੁਆਂਢ ਵਿਚ ਰਹਿਣ ਵਾਲੇ ਰਾਬ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਇਸ ਦੁੱਖ ਭਰੀ ਘਟਨਾ ਤੋਂ ਬਾਅਦ ਹੋਈ। ਇਸ ਦੇ ਬਾਵਜੂਦ ਇਕ ਸਾਲ ਤੱਕ ਇਕੱਠੇ ਰਹਿਣ ਤੋਂ ਬਾਅਦ 2017 ਦੀ ਕ੍ਰਿਸਮਸ 'ਤੇ ਰਾਬ ਨੇ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ।
ਫੋਟੋਗ੍ਰਾਫਰ ਨਾਲ ਮੀਟਿੰਗ ਵਿਚ ਆਇਆ ਅਨੋਖਾ ਆਈਡੀਆ
ਰਾਬ ਨੇ ਵਿਆਹ ਨੂੰ ਖਾਸ ਬਣਾਉਣ ਲਈ ਫੋਟੋਗ੍ਰਾਫਰ ਜੇਮਸ ਡੇ ਅਤੇ ਇਕ ਵੀਡੀਓ ਕੰਪਨੀ ਦੀ ਮਦਦ ਲਈ। ਫੈਸਲਾ ਹੋਇਆ ਕਿ ਮਹਿਮਾਨਾਂ ਨੂੰ ਵਿਆਹ ਵਿਚ ਪੱਟੀ ਬੰਨਣ ਲਈ ਕਿਹਾ ਜਾਵੇਗਾ, ਤਾਂ ਜੋ ਉਹ ਵੀ ਸਟੇਫ ਵਾਂਗ ਮਹਿਸੂਸ ਕਰ ਸਕਣ। ਫੋਟੋਗ੍ਰਾਫਰ ਮੁਤਾਬਕ ਮਹਿਮਾਨਾਂ ਨੇ ਵੀ ਹੋਣ ਵਾਲੀ ਲਾੜੀ ਨੂੰ ਸਪੋਰਟ ਕੀਤਾ। ਉਹ ਰਿੰਗ ਸੇਰੇਮਨੀ ਦੌਰਾਨ ਬਿਲਕੁਲ ਸ਼ਾਂਤ ਰਹੇ। ਸਾਰਿਆਂ ਨੇ ਆਪਣੇ ਮੋਬਾਈਲ ਤੱਕ ਬੰਦ ਕਰ ਦਿੱਤੇ ਸਨ।