ਕੋਰੋਨਾ ਸੰਕਟ : ਯਾਤਰਾ ਪਾਬੰਦੀ ਕਾਰਨ ਆਸਟ੍ਰੇਲੀਆਈ ਟੂਰਿਜ਼ਮ ਉਦਯੋਗ ਮੰਦੀ ਦਾ ਸ਼ਿਕਾਰ
Monday, Jun 29, 2020 - 10:26 AM (IST)

ਸਿਡਨੀ (ਭਾਸ਼ਾ): ਆਸਟ੍ਰੇਲੀਆ ਦਾ ਸੈਰ-ਸਪਾਟਾ ਉਦਯੋਗ ਕੋਰੋਨਾਵਾਇਰਸ ਮਹਾਮਾਰੀ ਕਾਰਨ 2020/21 ਵਿੱਤੀ ਸਾਲ ਵਿਚ ਲੱਗਭਗ 55 ਬਿਲੀਅਨ ਆਸਟ੍ਰੇਲੀਆਈ ਡਾਲਰ (37.7 ਬਿਲੀਅਨ ਡਾਲਰ) ਦੀ ਗਿਰਾਵਟ ਦਾ ਸਾਹਮਣਾ ਕਰ ਰਿਹਾ ਹੈ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ ਆਸਟ੍ਰੇਲੀਆ ਦੇ ਵਪਾਰ ਅਤੇ ਨਿਵੇਸ਼ ਕਮਿਸ਼ਨ ਦੀ ਇਕ ਰਿਪੋਰਟ ਦੇ ਮੁਤਾਬਕ, ਸਾਲ 2019 ਵਿਚ ਸੈਰ-ਸਪਾਟਾ ਖਰਚਾ 130 ਬਿਲੀਅਨ ਆਸਟ੍ਰੇਲੀਆਈ ਡਾਲਰ ਤੋਂ ਘੱਟ ਕੇ 2020/21 ਵਿਚ ਤਕਰੀਬਨ 80 ਬਿਲੀਅਨ ਆਸਟ੍ਰੇਲੀਆਈ ਡਾਲਰ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਹ ਰਿਪੋਰਟ ਇਸ ਧਾਰਨਾ ‘ਤੇ ਅਧਾਰਿਤ ਸੀ ਕਿ ਆਸਟ੍ਰੇਲੀਆ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਘੱਟੋ-ਘੱਟ ਜੁਲਾਈ 2021 ਤੱਕ ਬੰਦ ਰਹਿਣਗੀਆਂ ਪਰ ਸੂਬੇ ਦੀ ਸਰਹੱਦਾਂ ਦੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ।
ਆਸਟ੍ਰੇਲੀਆਈ ਸੈਰ-ਸਪਾਟਾ ਉਦਯੋਗ ਪਰਿਸ਼ਦ ਦੇ ਮੁੱਖ ਕਾਰਜਕਾਰੀ, ਸਾਈਮਨ ਵੈਸਟਵੇ ਨੇ ਸਿਡਨੀ ਮਾਰਨਿੰਗ ਹੇਰਾਲਡ ਨੂੰ ਦੱਸਿਆ, "ਫਿਲਹਾਲ ਮੁੱਦਾ ਇਹ ਹੈ ਕਿ ਉਦਯੋਗ ਨੂੰ ਇਹ ਨਹੀਂ ਪਤਾ ਹੈ ਕਿ ਤਲ ਕਿੱਥੇ ਹੈ। ਮਾਰਕੀਟ ਬਹੁਤ ਉਲਝਣ ਵਿੱਚ ਹੈ।" ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸ਼ੁੱਕਰਵਾਰ ਨੂੰ ਇਹ ਕਿਹਾ ਕਿ ਇਹ ਮੰਨਣਾ ਗੈਰ ਵਾਜਬ ਨਹੀਂ ਸੀ ਕਿ ਜੁਲਾਈ 2021 ਤੱਕ ਅੰਤਰਰਾਸ਼ਟਰੀ ਯਾਤਰਾ ਫਿਰ ਤੋਂ ਨਿਊਜ਼ੀਲੈਂਡ ਦੇ ਇਲਾਵਾ ਕਿਸੇ ਹੋਰ ਦੇਸ਼ ਦੇ ਨਾਲ ਜਾਰੀ ਨਹੀਂ ਕੀਤੀ ਜਾਵੇਗੀ ਕਿਉਂਕਿ ਇਹ ਵਾਇਰਸ ਦੁਨੀਆ ਭਰ ਵਿਚ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ।ਉਹਨਾਂ ਨੇ ਕਿਹਾ,"ਇਸ ਦੇ ਬਾਰੇ ਅਸਲ ਵਿਚ ਕੋਈ ਨਹੀਂ ਜਾਣਦਾ ਅਤੇ ਇਹੀ ਸਮੱਸਿਆ ਹੈ।''
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫਤ : UAE ਨੇ ਪਾਕਿ ਤੋਂ ਆਉਣ ਵਾਲੀਆਂ ਫਲਾਈਟਾਂ 'ਤੇ ਲਾਈ ਰੋਕ
ਸਿਹਤ ਵਿਭਾਗ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ, ਆਸਟ੍ਰੇਲੀਆ ਵਿਚ ਕੋਵਿਡ-19 ਦੇ ਕੁੱਲ 7,686 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 104 ਮੌਤਾਂ ਅਤੇ 6,993 ਲੋਕ ਠੀਕ ਹੋਏ ਹਨ। ਵਿਭਾਗ ਨੇ ਇਹ ਵੀ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਨਵੇਂ ਮਾਮਲਿਆਂ ਦੀ ਗਿਣਤੀ 53 ਹੈ। ਇਹਨਾਂ ਵਿੱਚੋਂ 49 ਵਿਕਟੋਰੀਆ ਦੇ ਹਨ। ਵਿਕਟੋਰੀਆ, ਜਿੱਥੇ ਵਾਇਰਸ ਦੇ ਕਈ ਪ੍ਰਕੋਪ ਹੋ ਚੁੱਕੇ ਹਨ, ਦੀ ਗਿਣਤੀ ਦੋ ਦਿਨਾਂ ਵਿਚ 90 ਹੋ ਗਈ ਹੈ, ਇਹ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕਾਫ਼ੀ ਜ਼ਿਆਦਾ ਹੈ। ਸੂਬਾਈ ਸਰਕਾਰ ਨੇ ਐਤਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਹਾਲ ਹੀ ਵਿਚ ਵਾਪਿਸ ਪਰਤੇ ਯਾਤਰੀਆਂ ਲਈ ਹੋਟਲ ਕੁਆਰੰਟੀਨ ਵਿਚ ਕੋਰਨਾਵਾਇਰਸ ਟੈਸਟਿੰਗ ਲਾਜ਼ਮੀ ਕਰ ਦਿੱਤੀ ਗਈ ਹੈ।