ਬ੍ਰਹਿਮੰਡ ਦੇ ਸਭ ਤੋਂ ਵੱਡੇ ਧਮਾਕੇ ਦਾ ਹੋਇਆ ਖੁਲਾਸਾ

02/28/2020 5:51:55 PM

ਮੈਲਬੌਰਨ (ਭਾਸ਼ਾ): ਪੁਣੇ ਵਿਚ ਭਾਰਤ ਦੇ ਵਿਸ਼ਾਲ ਮੀਟਰਵੇਵ ਰੇਡੀਓ ਟੇਲੀਸਕੋਪ (ਜੀ.ਐੱਮ.ਆਰ.ਟੀ.) ਸਮੇਤ ਐਕਸ-ਰੇਅ ਅਤੇ ਰੇਡੀਓ ਟੇਲੀਸਕੋਪ ਦੀ ਵਰਤੋਂ ਕਰ ਕੇ ਖਗੋਲ ਵਿਗਿਆਨੀਆਂ ਨੇ 'ਬਿਗ ਬੈਂਗ' ਦੇ ਬਾਅਦ ਤੋਂ ਬ੍ਰਹਿਮੰਡ ਵਿਚ ਦਿਸੇ ਸਭ ਤੋਂ ਵੱਡੇ ਧਮਾਕੇ ਦਾ ਪਤਾ ਲਗਾਇਆ ਹੈ। ਇਸ ਅਧਿਐਨ ਵਿਚ ਪਾਇਆ ਗਿਆ ਕਿ ਧਮਾਕਾ ਓਫੀਯੁਕਸ ਗਲੈਕਸੀ ਸਮੂਹ ਵਿਚ ਹੋਇਆ ਜੋ ਧਰਤੀ ਤੋਂ 39 ਕਰੋੜ ਪ੍ਰਕਾਸ਼ ਸਾਲ ਦੀ ਦੂਰੀ 'ਤੇ ਸਥਿਤ ਹੈ। ਇਸ ਵਿਚ ਕਿਹਾ ਗਿਆ ਕਿ ਇਸ ਧਮਾਕੇ ਨਾਲ ਗਲੈਕਸੀ ਗੁੱਛ ਐੱਮ.ਐੱਸ. 0735+74 ਵਿਚ ਹੋਏ ਧਮਾਕੇ ਦੀ ਤੁਲਨਾ ਵਿਚ 5 ਗੁਣਾ ਜ਼ਿਆਦਾ ਊਰਜਾ ਨਿਕਲੀ। 

ਅਧਿਐਨ ਦੀ ਸਹਿ-ਲੇਖਿਕਾ ਅਤੇ ਆਸਟ੍ਰੇਲੀਆ ਦੀ ਕਰਟਿਨ ਯੂਨੀਵਰਸਿਟੀ ਦੀ ਮੇਲਾਨੀ ਜੌਨਸਟਨ ਹੋਲਿਟ ਨੇ ਕਿਹਾ,''ਅਸੀਂ ਇਸ ਤੋਂ ਪਹਿਲਾਂ ਗਲੈਕਸੀਆਂ ਦੇ ਮੱਧ ਵਿਚ ਧਮਾਕੇ ਦੇਖੇ ਹਨ ਪਰ ਇਹ ਅਸਲ ਵਿਚ ਬਹੁਤ ਜ਼ਬਰਦਸਤ ਹੈ। ਸਾਨੂੰ ਨਹੀਂ ਪਤਾ ਕਿ ਇਹ ਇੰਨਾ ਵੱਡਾ ਕਿਉਂ ਹੈ।'' ਜੌਨਸਟਨ ਨੇ ਕਿਹਾ,''ਪਰ ਇਹ ਬਹੁਤ ਹੌਲੀ-ਹੌਲੀ ਹੋਇਆ। ਜਿਵੇਂ ਕਰੋੜਾਂ ਸਾਲਾਂ ਵਿਚ ਕੋਈ ਧਮਾਕਾ ਬਹੁਤ ਹੌਲੀ ਗਤੀ ਨਾਲ ਹੋਇਆ ਹੋਵੇ।'' ਖੋਜਕਰਤਾਵਾਂ ਨੇ ਕਿਹਾ ਕਿ ਇਹ ਧਮਾਕਾ ਇੰਨਾ ਭਿਆਨਕ ਸੀ ਕਿ ਇਸ ਨੇ ਬਲੈਕਹੋਲ ਦੇ ਆਲੇ-ਦੁਆਲੇ ਬਹੁਤ ਗਰਮ ਗੈਸ ਨਾਲ ਬਣੇ ਸਮੂਹ ਪਲਾਜ਼ਮਾ ਵਿਚ ਟੋਇਆ ਬਣਾ ਦਿੱਤਾ। 

ਪ੍ਰਮੁੱਖ ਖੋਜਕਰਤਾ ਅਮਰੀਕਾ ਦੀ ਨੇਵਲ ਰਿਸਰਚ ਲੈਬੋਰਟਰੀ ਦੀ ਸਿਮੋਨਾ ਗਿਯਾਸਿਨਤੁਚੀ ਨੇ ਕਿਹਾ ਕਿ ਇਹ ਧਮਾਕਾ ਮਾਊਂਟ ਸੈਂਟ ਹੇਲੇਨਸ ਦੇ 1980 ਦੇ ਧਮਾਕੇ ਜਿਹਾ ਹੈ ਜਿਸ ਨੇ ਪਹਾੜ ਦਾ ਉੱਪਰੀ ਹਿੱਸਾ ਤੋੜ ਦਿੱਤਾ ਸੀ। ਗਿਯਾਸਿਨਤੁਚੀ ਨੇ ਕਿਹਾ,''ਫਰਕ ਇੰਨਾ ਹੈ ਕਿ ਤੁਸੀਂ 15 ਗਲੈਕਸੀਆਂ ਨੂੰ ਇਸ ਟੋਏ ਵਿਚ ਫਿੱਟ ਕਰ ਸਕਦੇ ਹਾਂ ਜੋ ਇਸ ਧਮਾਕੇ ਦੇ ਕਾਰਨ ਪਲਾਜ਼ਮਾ ਵਿਚ ਹੋਇਆ ਹੈ।'' ਜੌਨਸਟਨ ਹੋਲਿਟ ਨੇ ਕਿਹਾ ਕਿ ਪਲਾਜ਼ਮਾ ਸਮੂਹ ਵਿਚ ਬਣੇ ਟੋਏ ਨੂੰ ਪਹਿਲਾ ਐਕਸ-ਰੇਅ ਟੇਲੀਸਕੋਪ ਦੀ ਮਦਦ ਨਾਲ ਦੇਖਿਆ ਗਿਆ ਸੀ। ਇਹ ਅਨੁਸੰਧਾਨ ਐਸਟ੍ਰੋਫਿਜੀਕਲ ਪੱਤਰਿਕਾ ਵਿਚ ਪ੍ਰਕਾਸ਼ਿਤ ਹੋਇਆ ਹੈ।


Vandana

Content Editor

Related News