ਆਸਟ੍ਰੇਲੀਆ : ਨਾਬਾਲਗ ਹੋਈ ਕਾਰ ਹਾਦਸੇ ਦੀ ਸ਼ਿਕਾਰ
Wednesday, Dec 19, 2018 - 11:59 AM (IST)
ਸਿਡਨੀ (ਬਿਊਰੋ)— ਪੱਛਮੀ ਆਸਟ੍ਰੇਲੀਆ ਵਿਚ ਕੱਲ ਇਕ ਭਿਆਨਕ ਕਾਰ ਹਾਦਸਾ ਵਾਪਰਿਆ। ਇਸ ਹਾਦਸੇ ਵਿਚ 17 ਸਾਲਾ ਕੁੜੀ ਦੀ ਮੌਤ ਹੋ ਗਈ ਜਦਕਿ ਉਸ ਦੀਆਂ ਦੋ ਸਹੇਲੀਆਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ। ਹਾਦਸੇ ਮਗਰੋਂ ਐਮਰਜੇਂਸੀ ਸੇਵਾਵਾਂ ਨੂੰ ਪੱਛਮੀ ਆਸਟਰੇਲੀਆ ਦੇ ਮੰਡੁਰਾਹ ਦੇ ਦੱਖਣ ਵਿਚ ਬੋਵਾਰਡ ਵਿਖੇ ਬੁਲਾਇਆ ਗਿਆ।

ਜਾਣਕਾਰੀ ਮੁਤਾਬਕ 17 ਸਾਲਾ ਕੁੜੀ ਨੂੰ ਉਸੇ ਦਿਨ ਡਰਾਈਵਿੰਗ ਲਾਈਸੈਂਸ ਮਿਲਿਆ ਸੀ। ਲਾਈਸੈਂਸ ਮਿਲਣ ਦੀ ਖੁਸ਼ੀ ਵਿਚ ਪਾਰਟੀ ਕਰਨ ਲਈ ਉਹ ਆਪਣੀਆਂ ਦੋ ਸਹੇਲੀਆਂ ਨਾਲ ਡ੍ਰਾਈਵ 'ਤੇ ਗਈ ਸੀ। ਰਸਤੇ ਵਿਚ ਉਸ ਦਾ ਕਾਰ 'ਤੇ ਕੰਟਰੋਲ ਨਾ ਰਿਹਾ, ਜਿਸ ਕਾਰਨ ਹਾਦਸਾ ਵਾਪਰ ਗਿਆ। ਜਾਂਚ ਟੀਮ ਨੇ ਪਾਇਆ ਕਿ ਸੁਬਾਰੂ ਆਊਟਬੈਕ ਨਾਲੀਦਾਰ ਗੰਦਗੀ ਟਰੈਕ 'ਤੇ ਫਿਸਲ ਗਿਆ ਅਤੇ ਕਈ ਵਾਰ ਪਲਟਿਆ, ਜਿਸ ਨਾਲ ਕੁੜੀ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਕਾਰ ਵਿਚ ਸਵਾਰ ਦੋ ਹੋਰ ਲੜਕੀਆਂ ਜਿਨ੍ਹਾਂ ਦੀ ਉਮਰ 16 ਸਾਲ ਹੈ, ਉਨ੍ਹਾਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਰੋਇਲ ਨੌਰਥ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿਚ ਇਲਾਜ ਮਗਰੋਂ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉੱਧਰ ਅਧਿਕਾਰੀ ਹਾਦਸਾ ਹੋਣ ਦੇ ਕਾਰਨਾਂ ਦੀ ਜਾਂਚ ਵਿਚ ਜੁਟ ਗਏ ਹਨ।
