ਆਸਟ੍ਰੇਲੀਆ : NSW ''ਚ ਚੂਹਿਆਂ ਦੀ ਦਹਿਸ਼ਤ, ਲੋਕ ਪਰੇਸ਼ਾਨ

Friday, May 28, 2021 - 07:07 PM (IST)

ਆਸਟ੍ਰੇਲੀਆ : NSW ''ਚ ਚੂਹਿਆਂ ਦੀ ਦਹਿਸ਼ਤ, ਲੋਕ ਪਰੇਸ਼ਾਨ

ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਰਾਜ ਵਿਚ ਚੂਹਿਆਂ ਦੀ ਦਹਿਸ਼ਤ ਨਾਲ ਲੋਕ ਪਰੇਸ਼ਾਨ ਹਨ। ਇਹ ਚੂਹੇ ਨਾ ਸਿਰਫ ਖੇਤੀ ਯੋਗ ਭੂਮੀ ਨੂੰ ਨੁਕਸਾਨ ਪਹੁੰਚਾ ਰਹੇ ਹਨ ਸਗੋਂ ਹੁਣ ਇਹ ਘਰਾਂ ਵਿਚ ਵੀ ਦਾਖਲ ਹੋ ਗਏ ਹਨ। ਖੇਤੀ ਮੰਤਰੀ ਐਡਮ ਮਾਰਸ਼ਲ ਨੇ ਹਾਲ ਹੀ ਵਿਚ ਕਿਹਾ ਸੀ ਕਿ ਅਸੀਂ ਹੁਣ ਇਕ ਮਹੱਤਵਪੂਰਨ ਬਿੰਦੂ 'ਤੇ ਹਾਂ ਜਿੱਥੇ ਜੇਕਰ ਅਸੀਂ ਬਸੰਤ ਤੱਕ ਚੂਹਿਆਂ ਦੀ ਗਿਣਤੀ ਨੂੰ ਘੱਟ ਨਹੀਂ ਕਰਦੇ ਹਾਂ ਤਾਂ ਸਾਨੂੰ ਪੇਂਡੂ ਅਤੇ ਖੇਤਰੀ ਨਿਊ ਸਾਊਥ ਵੇਲਜ਼ ਵਿਚ ਇਕ ਪੂਰਨ ਆਰਥਿਕ ਅਤੇ ਸਮਾਜਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਚੂਹਿਆਂ ਦਾ ਪ੍ਰਕੋਪ ਸਿਰਫ ਖੇਤੀ ਭੂਮੀ ਤੱਕ ਹੀ ਸੀਮਤ ਨਹੀਂ ਸਗੋਂ ਇਹ ਹੁਣ ਘਰਾਂ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ। ਇਕ ਪਰਿਵਾਰ ਨੇ ਆਪਣੇ ਘਰ ਵਿਚ ਅੱਗ ਲੱਗਣ ਲਈ ਬਿਜਲੀ ਦੇ ਤਾਰ ਚਬਾਉਣ ਵਾਲੇ ਚੂਹਿਆਂ ਨੂੰ ਜ਼ਿੰਮੇਵਾਰ ਦੱਸਿਆ। ਬਰੂਸ ਬਾਨਰਸ ਨਾਮ ਦੇ ਇਕ ਵਿਅਕਤੀ ਨੇ ਕਿਹਾ ਕਿ ਉਹ ਮੱਧ ਨਿਊ ਸਾਊਥ ਵੇਲਜ਼ ਸ਼ਹਿਰ ਬੋਗਨ ਗੇਟ ਨੇੜੇ ਆਪਣੇ ਪਰਿਵਾਰ ਦੇ ਖੇਤ ਵਿਚ ਫਸਲ ਲਗਾ ਕੇ ਇਕ ਤਰ੍ਹਾਂ ਨਾਲ ਜੂਆ ਖੇਡ ਰਹੇ ਹਨ। ਉਹਨਾਂ ਨੇ ਕਿਹਾ,''ਅਸੀਂ ਸਿਰਫ ਫਸਲ ਬੀਜਦੇ ਹਾਂ ਅਤੇ ਆਸ ਕਰਦੇ ਹਾਂ।'' 

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਨਿਊਜ਼ੀਲੈਂਡ-ਆਸਟ੍ਰੇਲੀਆ ਵਿਚਾਲੇ ਵਧੀ ਯਾਤਰਾ ਪਾਬੰਦੀ ਦੀ ਮਿਆਦ

ਰਾਜ ਸਰਕਾਰ ਨੇ ਇਹਨਾਂ ਚੂਹਿਆਂ ਨਾਲ ਨਜਿੱਠਣ ਲਈ ਭਾਰਤ ਤੋਂ ਪਾਬੰਦੀਸ਼ੁਦਾ ਜ਼ਹਿਰ ਬ੍ਰੋਮੈਡਿਓਲੋਨ ਦਾ 5000 ਲੀਟਰ (1320 ਗੈਲਨ) ਦਾ ਆਰਡਰ ਦਿੱਤਾ ਹੈ। ਸੰਘੀ ਸਰਕਾਰ ਦੇ ਰੈਗੁਲੇਟਰ ਨੇ ਹੁਣ ਤੱਕ ਖੇਤੀ ਭੂਮੀ 'ਤੇ ਜ਼ਹਿਰ ਦੀ ਵਰਤੋਂ ਸੰਬੰਧੀ ਐਮਰਜੈਂਸੀ ਅਰਜ਼ੀਆਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਬਾਨਰਸ ਨੇ ਕਿਹਾ ਕਿ ਚੂਹੇ ਘਰਾਂ ਦੀਆਂ ਛੱਤਾਂ ਅਤੇ ਕਿਸਾਨਾਂ ਦੀਆਂ ਪਾਣੀ ਦੀਆਂ ਟੈਂਕੀਆਂ ਨੂੰ ਮਲ-ਮੂਤਰ ਨਾਲ ਦੂਸ਼ਿਤ ਕਰ ਰਹੇ ਹਨ। ਉਹਨਾਂ ਨੇ ਕਿਹਾ,''ਲੋਕ ਇਸ ਪਾਣੀ ਨਾਲ ਬੀਮਾਰ ਪੈ ਰਹੇ ਹਨ।'' ਸਰਕਾਰੀ ਖੋਜੀ ਸਟੀਵ ਹੇਨਰੀ ਨੇ ਕਿਹਾ ਕਿ ਇਹ ਅਨੁਮਾਨ ਲਗਾਉਣਾ ਜਲਦਬਾਜ਼ੀ ਹੋਵੇਗੀ ਕਿ ਬਸੰਤ ਤੱਕ ਕਿੰਨਾ ਨੁਕਸਾਨ ਹੋਵੇਗਾ। ਹੇਨਰੀ ਦੀ ਏਜੰਸੀ ਖੇਤੀ 'ਤੇ ਚੂਹਿਆਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਰਣਨੀਤੀ ਵਿਕਸਿਤ ਕਰ ਰਹੀ ਹੈ।


author

Vandana

Content Editor

Related News