ਆਸਟ੍ਰੇਲੀਆ-ਨਿਊਜ਼ੀਲੈਂਡ ''ਚ ਧਮਾਲ ਪਾਉਣਗੇ ਮਨਮੋਹਣ ਵਾਰਿਸ, ਕਮਲ ਹੀਰ ਤੇ ਸੰਗਤਾਰ

05/31/2019 4:26:41 PM

ਮੈਲਬੌਰਨ (ਮਨਦੀਪ ਸਿੰਘ ਸੈਣੀ)— ਦੁਨੀਆ ਭਰ ਵਿੱਚ ਸਾਫ ਸੁਥਰੀ ਗਾਇਕੀ ਨਾਲ ਵਿਲੱਖਣ ਪਹਿਚਾਣ ਬਣਾ ਚੁੱਕੇ ਵਾਰਿਸ ਭਰਾ 'ਪੰਜਾਬੀ ਵਿਰਸਾ 2019' ਲੜੀ ਤਹਿਤ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬੀਆਂ ਦੇ ਰੂਬਰੂ ਹੋਣ ਜਾ ਰਹੇ ਹਨ।ਲੋਕ ਗਾਇਕ ਮਨਮੋਹਣ ਵਾਰਿਸ ਦੀ 25 ਸਾਲਾ ਗਾਇਕੀ ਨੂੰ ਸਮਰਪਿਤ ਇਸ ਲੜੀ ਬਾਰੇ ਜਾਣਕਾਰੀ ਦਿੰਦਿਆਂ ਪਲਾਜ਼ਮਾ ਕੰਪਨੀ ਦੇ ਡਾਇਰੈਕਟਰ ਦੀਪਕ ਬਾਲੀ ਅਤੇ ਰਾਇਲ ਪ੍ਰੋਡਕਸ਼ਨਜ਼ ਤੋਂ ਸਰਵਣ ਸੰਧੂ, ਗੁਰਸਾਹਿਬ ਸੰਧੂ ਨੇ ਦੱਸਿਆ ਕਿ ਪੰਜਾਬੀ ਵਿਰਸਾ 2019 ਦਾ ਸਫਰ ਨਿਊਜ਼ੀਲੈਂਡ ਤੋਂ ਸ਼ੁਰੂ ਹੋ ਕੇ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੁੰਦਾ ਹੋਇਆ ਸ਼ਾਨਦਾਰ ਤਰੀਕੇ ਨਾਲ ਸਮਾਪਤ ਹੋਵੇਗਾ।

ਇਹਨਾਂ ਸ਼ਹਿਰਾਂ ਵਿੱਚ ਹੋਣ ਵਾਲੇ ਸ਼ੋਆਂ ਦੀਆਂ ਤਰੀਕਾਂ ਮਿੱਥੀਆਂ ਜਾ ਚੁੱਕੀਆਂ ਹਨ ਤੇ ਬਹੁਤ ਜਲਦ ਪੋਸਟਰ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਦਰਸ਼ਕਾਂ ਨੂੰ ਸਮੇਂ ਅਤੇ ਸਥਾਨ ਦੀ ਜਾਣਕਾਰੀ ਮਿਲ ਸਕੇ। 8 ਸਤੰਬਰ ਨੂੰ ਮੈਲਬੌਰਨ ਵਿੱਚ ਹੋਣ ਜਾ ਰਹੇ ਪੰਜਾਬੀ ਵਿਰਸਾ ਸ਼ੋਅ ਬਾਰੇ ਕ੍ਰੀਏਟਿਵ ਈਵੈਂਟਸ ਤੋਂ ਸ਼ਿੰਕੂ ਨਾਭਾ, ਬਲਵਿੰਦਰ ਲਾਲੀ ਤੇ ਸਹਿਯੋਗੀਆਂ ਨੇ ਦੱਸਿਆ ਕਿ ਇਹ ਸਾਡੀ ਟੀਮ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਪਿਛਲੇ 25 ਸਾਲਾਂ ਤੋਂ ਲੋਕਾਂ ਦੇ ਦਿਲਾਂ ਤੇ ਰਾਜ਼ ਕਰ ਰਹੇ ਲੋਕ ਗਾਇਕ ਮਨਮੋਹਣ ਵਾਰਿਸ ਦੀ ਬਾਕਮਾਲ ਗਾਇਕੀ ਦੇ ਸ਼ਾਨਦਾਰ ਸਫਰ ਨੂੰ ਮੈਲਬੌਰਨ ਸ਼ੋਅ ਰਾਹੀਂ ਦੁਨੀਆ ਭਰ ਦੇ ਪੰਜਾਬੀਆਂ ਅੱਗੇ ਪੇਸ਼ ਕਰਨ ਲਈ ਇਸ ਲੜੀ ਦਾ ਹਿੱਸਾ ਬਣਨ ਜਾ ਰਹੇ ਹਾਂ।

ਪ੍ਰਬੰਧਕਾਂ ਨੇ ਦੱਸਿਆ ਕਿ ਸਾਰੇ ਸ਼ੋਆਂ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਤੇ 'ਪੰਜਾਬੀ ਵਿਰਸਾ 2019' 8 ਸਤੰਬਰ ਨੂੰ ਮੈਲਬੌਰਨ ਵਿੱਚ ਰਿਕਾਰਡ ਕਰਕੇ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਜਾਵੇਗਾ।ਇਸ ਮੌਕੇ ਪ੍ਰਬੰਧਕਾਂ ਵੱਲੋਂ ਮੈਲਬੌਰਨ ਵਿੱਚ ਹੋਣ ਜਾ ਰਹੇ 'ਪੰਜਾਬੀ ਵਿਰਸਾ 2019' ਦੇ ਪੋਸਟਰ ਦੀ ਘੁੰਢ ਚੁਕਾਈ ਵੀ ਕੀਤੀ ਗਈ।

'ਜਗ ਬਾਣੀ' ਨਾਲ ਫੋਨ 'ਤੇ ਗੱਲਬਾਤ ਕਰਦਿਆਂ ਮਨਮੋਹਣ ਵਾਰਿਸ ਨੇ ਦੱਸਿਆ ਕਿ ਸਾਡੇ ਤਿੰਨਾਂ ਭਰਾਵਾਂ ਦੇ ਸਾਫ ਸੁਥਰੇ ਤੇ ਪਰਿਵਾਰਕ ਗੀਤਾਂ ਨੂੰ ਸਰੋਤਿਆਂ ਨੂੰ ਹਮੇਸ਼ਾ ਪਿਆਰ ਦਿੱਤਾ ਹੈ ਤੇ ਇਸ ਵਾਰ ਵੀ ਤਿੰਨੇ ਭਰਾ ਨਵੇਂ ਨਕੋਰ ਗੀਤਾਂ ਅਤੇ ਸ਼ੇਅਰੋ ਸ਼ਾਇਰੀ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ।ਉਹਨਾਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਆਸਟ੍ਰੇਲੀਆ-ਨਿਊਜ਼ੀਲੈਂਡ ਦੇ ਸੰਗੀਤ ਪ੍ਰੇਮੀ ਉਹਨਾਂ ਦੇ 25 ਸਾਲਾ ਗਾਇਕੀ ਦੇ ਸਫਰ ਨੂੰ ਭਰਵਾਂ ਹੁੰਗਾਰਾ ਦੇਣਗੇ ਤੇ ਪੰਜਾਬੀ ਵਿਰਸਾ ਲੜੀ ਦੇ ਗੀਤ ਲੋਕ ਮਨਾਂ ਦੇ ਚੇਤਿਆਂ 'ਚ ਸਦੀਵੀ ਯਾਦ ਬਣਨਗੇ।


Vandana

Content Editor

Related News