ਇੰਡੋਜ਼ ਹੋਲਡਿੰਗਜ ਵੱਲੋਂ ਕਿਤਾਬ ਰਿਲੀਜ, ਰਛਪਾਲ ਹੇਅਰ ਅਤੇ ਸਰਬਜੀਤ ਸੋਹੀ ਸਨਮਾਨਿਤ
Monday, Apr 05, 2021 - 05:01 PM (IST)
ਬ੍ਰਿਸਬੇਨ (ਸਤਵਿੰਦਰ ਟੀਨੂੰ): ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਚ ਪਿਛਲੇ ਇਕ ਦਹਾਕੇ ਤੋਂ ਕਾਰਜਸ਼ੀਲ ਛਾਤਾ ਸੰਸਥਾ ਇੰਡੋਜ਼ ਹੋਲਡਿੰਗਜ ਵੱਲੋਂ ਆਪਣੇ ਦੱਸ ਸਾਲਾਂ ਦੇ ਸਫ਼ਰ ਨੂੰ ਸਮਰਪਿਤ ਇਕ ਸਮਾਗਮ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਵਿਖੇ ਕਰਵਾਇਆ ਗਿਆ। ਇਸ ਵਿੱਚ ਇੰਡੋਜ਼ ਹੋਲਡਿੰਗਜ ਦੇ ਸਾਹਿਤਕ ਵਿੰਗ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਦੇ ਪੰਜ ਸਾਲਾਂ ਸਫ਼ਰ ਦੇ ਇਤਿਹਾਸ ਨੂੰ ਦਰਸਾਉਂਦੀ ਪੁਸਤਕ ‘ਇਪਸਾ ਸੋਵੀਨਾਰ’ ਰਿਲੀਜ ਕੀਤੀ ਗਈ। ਇੰਡੋਜ਼ ਹੋਲਡਿੰਗਜ ਵੱਲੋਂ 10 ਸਾਲ ਦੇ ਅਰਸੇ ਦੌਰਾਨ ਲੇਖਕਾਂ ਦੀਆਂ ਗਤੀਵਿਧੀਆਂ ਅਤੇ ਗਰੁੱਪ ਨੂੰ ਅਗਵਾਈ ਦੇਣ ਲਈ ਰਛਪਾਲ ਹੇਅਰ ਅਤੇ ਸਰਬਜੀਤ ਸੋਹੀ ਨੂੰ ਵਿਸ਼ੇਸ਼ ਇੰਡੋਜ਼ ਪੰਜਾਬੀ ਆਈਕੋਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਯਾਦ ਰਹੇ ਕਿ ਪ੍ਰੀ-ਇੰਡੋਜ਼ ਪੀਰੀਅਡ ਵਿਚ ਇੰਗਲੈਂਡ ਤੋਂ ਆਏ ਪੰਜਾਬੀ ਇੰਗਲੈਂਡ ਗਰੁੱਪ ਨਾਲ ਜਾਣੇ ਜਾਂਦੇ ਸਨ। ਇੰਗਲੈਂਡ ਤੋਂ ਆਸਟ੍ਰੇਲੀਆ ਆਉਣ ਦਾ ਰੁਝਾਣ 1980 ਤੋਂ ਸ਼ੁਰੂ ਹੋਇਆ ਸੀ। ਬ੍ਰਿਸਬੇਨ ਸ਼ਹਿਰ ਹਰ ਪਹਿਲਕਦਮੀ ਇਸ ਗਰੁੱਪ ਦੀ ਦੇਣ ਹੈ। ਬ੍ਰਿਸਬੇਨ ਦਾ ਪਹਿਲਾ ਭੰਗੜਾ ਕਲੱਬ, ਪਹਿਲਾ ਪੰਜਾਬੀ ਰੇਡੀਓ ਪ੍ਰੋਗਰਾਮ, ਪਹਿਲਾ ਥੀਏਟਰ ਗਰੁੱਪ, ਪਹਿਲਾ ਨਾਟਕ ਮੰਚਨ, ਪਹਿਲਾ ਕਵੀ ਦਰਬਾਰ, ਪਹਿਲੀ ਪੰਜਾਬੀ ਲਾਇਬ੍ਰੇਰੀ, ਪਹਿਲੇ ਗੁਰਦੁਆਰੇ ਦੀ ਸਥਾਪਨਾ ਸਮੇਤ ਅਨੇਕਾਂ ਹੀ ਕਾਰਜਾਂ ਨੂੰ ਇੰਗਲੈਂਡ ਗਰੁੱਪ ਨੇ ਹੀ ਸ਼ੁਰੂ ਕੀਤਾ ਸੀ। ਇੰਡੋਜ਼ ਹੋਲਡਿੰਗਜ ਦੁਆਰਾ ਇੰਡੋਜ਼ ਸਿੱਖ ਕੰਪਲੈਕਸ ਦੀ ਸਥਾਪਨਾ ਨਾਲ ਸਾਹਿਤਕ ਗਤੀਵਿਧੀਆਂ ਲਈ ਨਿੱਠ ਕੇ ਕੰਮ ਹੋਇਆ ਹੈ।
ਪੜ੍ਹੋ ਇਹ ਅਹਿਮ ਖਬਰ- ‘ਬ੍ਰਿਸਬੇਨ ਵਿਸਾਖੀ ਮੇਲਾ’ 11 ਅਪ੍ਰੈਲ ਨੂੰ, ਤਿਆਰੀਆਂ ਮੁਕੰਮਲ
ਅੱਜ ਇੰਡੋਜ਼ ਪੰਜਾਬੀ ਲਾਇਬਰੇਰੀ ਵਿਚ ਕੋਵਿਡ ਸੰਕਟ ਵਿਚ ਇਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਰਚਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਇੰਡੋਜ਼ ਦੇ ਸਾਬਕਾ ਚੇਅਰਮੈਨ ਅਤੇ ਗੁਰੂ ਨਾਨਕ ਸਿੱਖ ਟੈਂਪਲ ਦੇ ਪ੍ਰਧਾਨ ਅਮਰਜੀਤ ਮਾਹਲ ਦੇ ਪ੍ਰਧਾਨਗੀ ਭਾਸ਼ਨ ਨਾਲ ਹੋਈ। ਇਸ ਤੋਂ ਇੰਡੋਜ਼ ਦੀਆਂ ਸਾਹਿਤਕ ਗਤੀਵਿਧੀਆਂ ਅਤੇ ਸਨਮਾਨ ਪ੍ਰਾਪਤ ਕਰਨ ਵਾਲ਼ੀਆਂ ਸ਼ਖ਼ਸੀਅਤਾਂ ਬਾਰੇ ਪ੍ਰਸਿੱਧ ਸਮਾਜ ਸੇਵਕ ਮਨਜੀਤ ਬੋਪਾਰਾਏ, ਇਪਸਾ ਦੇ ਪ੍ਰਧਾਨ ਦਲਵੀਰ ਹਲਵਾਰਵੀ, ਜਨਰਲ ਸਕੱਤਰ ਰੁਪਿੰਦਰ ਸੋਜ਼, ਇਪਸਾ ਦੇ ਸਰਪ੍ਰਸਤ ਜਰਨੈਲ ਬਾਸੀ ਆਦਿ ਪ੍ਰਮੁੱਖ ਹਸਤੀਆਂ ਨੇ ਵਿਚਾਰ ਰੱਖੇ।
ਬੁਲਾਰਿਆਂ ਨੇ ਰਛਪਾਲ ਹੇਅਰ ਦੀ ਬਹੁਪੱਖੀ ਦੇਣ ਬਾਰੇ ਅਤੇ ਸਰਬਜੀਤ ਸੋਹੀ ਵੱਲੋਂ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ ਆਸਟ੍ਰੇਲੀਆ ਲਈ ਕੀਤੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਨ੍ਹਾਂ ਨੂੰ ਇਤਿਹਾਸਕ ਅਤੇ ਮੁੱਲਵਾਨ ਕਿਹਾ। ਸਮਾਗਮ ਦੇ ਦੂਸਰੇ ਭਾਗ ਵਿੱਚ ਹੋਏ ਕਵੀ ਦਰਬਾਰ ਵਿੱਚ ਸੁਰਜੀਤ ਸੰਧੂ, ਪਾਲ ਰਾਊਕੇ, ਰੁਪਿੰਦਰ ਸੋਜ਼, ਆਤਮਾ ਹੇਅਰ, ਰਾਜਦੀਪ ਲਾਲੀ, ਅਮਨਪ੍ਰੀਤ ਟੱਲੇਵਾਲ, ਸੁਖਨੈਬ ਭਦੌੜ, ਤਜਿੰਦਰ ਭੰਗੂ, ਬਾਲ ਪੇਸ਼ਕਾਰ ਸੁਖਮਨ ਸੰਧੂ ਅਤੇ ਅਸ਼ਮੀਤ ਸੰਧੂ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਬਹੁਤ ਖ਼ੂਬਸੂਰਤ ਅਦਬੀ ਰੰਗ ਬੰਨਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਸੇਮ ਸਿੰਘ ਸਹੋਤਾ, ਰਛਪਾਲ ਸਰਨਾ, ਦੀਪਇੰਦਰ ਸਿੰਘ, ਜਗਦੀਪ ਗਿੱਲ, ਹਰਜਿੰਦ ਕੌਰ ਮਾਂਗਟ, ਸਰਬਜੀਤ ਕੌਰ ਇੰਡੋਜ਼ ਟੀ ਵੀ, ਗਾਇਕ ਮੀਤ ਮਲਕੀਤ, ਗੁਰਵਿੰਦਰ ਖੱਟੜਾ, ਰਣਜੀਤ ਵਿਰਕ, ਗੁਰਪ੍ਰੀਤ ਬਰਾੜ, ਦੀਪ ਛੱਜਾਂਵਾਲੀ ਆਦਿ ਪ੍ਰਮੁੱਖ ਹਸਤੀਆਂ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਗੁਰਦੀਪ ਜਗੇੜਾ ਤੇ ਸਰਬਜੀਤ ਸੋਹੀ ਵੱਲੋਂ ਬਾਖੂਬੀ ਨਾਲ ਨਿਭਾਈ ਗਈ।