ਆਸਟ੍ਰੇਲੀਆ, ਭਾਰਤ ਨੇ ਹਿੰਦ-ਪ੍ਰਸ਼ਾਂਤ ''ਚ ਸ਼ਿਪਿੰਗ ਸਹਿਯੋਗ ਸਬੰਧੀ ਐਲਾਨ ਪੱਤਰ ''ਤੇ ਕੀਤੇ ਦਸਤਖਤ

06/05/2020 1:19:11 AM

ਮੈਲਬੌਰਨ(ਭਾਸ਼ਾ): ਆਸਟ੍ਰੇਲੀਆ ਤੇ ਭਾਰਤ ਨੇ ਵੀਰਵਾਰ ਨੂੰ ਹਿੰਦ-ਪ੍ਰਸ਼ਾਂਤ ਖੇਤਰ ਵਿਚ ਨਿਯਮ-ਆਧਾਰਿਤ ਸਮੁੰਦਰੀ ਵਿਵਸਥਾ ਦੇ ਸਹਿਯੋਗ ਸਬੰਧੀ ਐਲਾਨ ਪੱਤਰ 'ਤੇ ਦਸਤਖਤ ਕੀਤੇ ਜੋ ਕਿ ਦੋ-ਪੱਖੀ ਸੁਰੱਖਿਆ ਤੇ ਰੱਖਿਆ ਸਬੰਧਾਂ ਵਿਚ ਮਹੱਤਵਪੂਰਨ ਕਦਮ ਹੈ। ਇਹ ਐਲਾਨ ਪੱਤਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਸਕੌਟ ਮੌਰੀਸਨ ਦੇ ਵਿਚਾਲੇ ਆਨਲਾਈਨ ਸਿਖਰ ਸੰਮੇਲਨ ਤੋਂ ਬਾਅਦ ਸਾਹਮਣੇ ਆਇਆ ਹੈ।

ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮਾਰਿਸੇ ਪੇਨੇ ਨੇ ਇਕ ਅਧਿਕਾਰਿਤ ਬਿਆਨ ਵਿਚ ਕਿਹਾ ਕਿ ਹਿੰਦ-ਪ੍ਰਸ਼ਾਂਤ ਵਿਚ ਸਮੁੰਦਰੀ ਸਹਿਯੋਗ 'ਤੇ ਸੰਯੁਕਤ ਐਲਾਨ ਪੱਤਰ ਸਾਡੇ ਰਾਸ਼ਟਰਾਂ ਨੂੰ ਖੇਤਰ ਵਿਚ ਨਿਯਮ-ਆਧਾਰਿਤ ਸਮੁੰਦਰੀ ਵਿਵਸਥਾ ਦਾ ਸਮਰਥਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਜੋ ਕਿ ਸਾਰੇ ਰਾਸ਼ਟਰਾਂ ਦੀ ਪ੍ਰਭੂਸੱਤਾ ਦੇ ਸਨਮਾਨ ਤੇ ਸਮੁੰਦਰ ਸਬੰਧੀ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਕ ਹੈ। ਇਸ ਤੋਂ ਪਹਿਲਾਂ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀਰਵਾਰ ਨੂੰ ਭਾਰਤ ਦੇ ਨਾਲ ਵਿਆਪਕ ਰਣਨੀਤਿਕ ਸਾਂਝੇਦਾਰੀ ਨੂੰ ਨਵੇਂ ਪੱਧਰ ਦੀ ਦੋ-ਪੱਖੀ ਸਹਿਯੋਗ ਦੱਸਿਆ ਜੋ ਕਿ ਦੋ-ਪੱਖੀ ਵਿਸ਼ਵਾਸ 'ਤੇ ਆਧਾਰਿਤ ਹੈ। ਉਨ੍ਹਾਂ ਨੇ ਨਾਲ ਹੀ ਮੁਸ਼ਕਲ ਸਮੇਂ ਵਿਚ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਥਿਰਤਾ ਲਿਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤਾ। ਦੋਵਾਂ ਨੇਤਾਵਾਂ ਨੇ ਆਪਣੇ ਪਹਿਲੇ ਆਨਲਾਈਨ ਸਿਖਰ ਸੰਮੇਲਨ ਵਿਚ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ, ਜਿਸ ਵਿਚ ਵਪਾਰ, ਰੱਖਿਆ, ਸਿੱਖਿਆ ਦੇ ਨਾਲ ਹੀ ਕੋਵਿਡ-19 ਸੰਕਟ ਸ਼ਾਮਲ ਹੈ। ਸਿਖਰ ਸੰਮੇਲਨ ਅਜਿਹੇ ਸਮੇਂ ਵਿਚ ਆਯੋਜਿਤ ਹੋਇਆ ਹੈ ਜਦੋਂ ਆਸਟ੍ਰੇਲੀਆ ਵਿਚ ਭਿਆਨਕ ਅੱਗ ਦੇ ਚੱਲਦੇ ਮੌਰੀਸਨ ਨੂੰ ਜਨਵਰੀ 2020 ਵਿਚ ਆਪਣੀ ਭਾਰਤ ਯਾਤਰਾ ਰੱਦ ਕਰਨੀ ਪਈ ਸੀ।

ਆਨਲਾਈਨ ਸਿਖਰ ਸੰਮੇਲਨ ਦੀ ਸ਼ੁਰੂਆਤ ਵਿਚ ਮੌਰੀਸਨ ਨੇ ਮੋਦੀ ਨੂੰ ਉਨ੍ਹਾਂ ਦੀ ਅਗਵਾਈ ਲਈ ਧੰਨਵਾਦ ਦਿੱਤਾ ਤੇ ਜੀ-20 ਤੇ ਹਿੰਦ-ਪ੍ਰਸ਼ਾਂਤ ਵਿਚ ਉਨ੍ਹਾਂ ਦੀ ਭੂਮਿਕਾ ਲਈ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ। ਮੌਰੀਸਨ ਨੇ ਮੋਦੀ ਨੂੰ ਇਕ ਅਜਿਹਾ ਨੇਤਾ ਦੱਸਿਆ ਜਿਨ੍ਹਾਂ ਨੇ ਮੁਸ਼ਕਿਲ ਵੇਲੇ ਸਾਕਾਰਾਤਮਕ ਕਦਮ ਚੁੱਕੇ ਤੇ ਸਥਿਰਤਾ ਲਿਆਉਣ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਈ। ਮੌਰੀਸਨ ਨੇ ਕਿਹਾ ਕਿ ਦੋਵੇਂ ਦੇਸ਼ ਆਉਣ ਵਾਲੇ ਸਾਲਾਂ ਵਿਚ ਬਹੁਤ ਕੁਝ ਹਾਸਲ ਕਰ ਸਕਦੇ ਹਨ ਜਿਵੇਂ ਦੋਵਾਂ ਨੇ ਪਹਿਲਾਂ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕ ਤਾਲਮੇਲ ਵਾਲੇ ਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਦੇ ਲਈ ਵਚਨਬੱਧ ਹਾਂ ਤੇ ਆਉਣ ਵਾਲੇ ਸਾਲਾਂ ਵਿਚ ਉਸ ਖੇਤਰ ਵਿਚ ਭਾਰਤ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ। ਉਨ੍ਹਾਂ ਨੇ ਐਲਾਨ ਕੀਤਾ ਕਿ ਕੀ ਦੋਵੇਂ ਦੇਸ਼ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਮੁੰਦਰੀ ਸਹਿਯੋਗ 'ਤੇ ਇਕ ਸਾਂਝੇ ਦ੍ਰਿਸ਼ਟੀਕੋਣ ਨੂੰ ਲੈ ਕੇ ਇਕ ਸੰਯੁਕਤ ਐਲਾਨ ਪੱਤਰ ਜਾਰੀ ਕਰਨਗੇ। 

ਇਹ ਅਜਿਹੇ ਸਮੇਂ ਵਿਚ ਹੋਵੇਗਾ ਜਦੋਂ ਚੀਨ ਖੇਤਰ ਵਿਚ ਆਪਣੀ ਫੌਜੀ ਮੌਜੂਦਗੀ ਵਧਾ ਰਿਹਾ ਹੈ। ਚੀਨ ਦਾ ਦੱਖਣ ਤੇ ਪੂਰਬੀ ਚੀਨ ਸਾਗਰ ਵਿਚ ਖੇਤਰੀ ਵਿਵਾਦ ਹੈ। ਪਿਛਲੇ ਕੁਝ ਸਾਲਾਂ ਵਿਚ ਚੀਨ ਨੇ ਮਨੁੱਖ ਵਲੋਂ ਬਣਾਏ ਟਾਪੂਆਂ ਦਾ ਫੌਜੀਕਰਨ ਕਰਨ ਵਿਚ ਬਹੁਤ ਵਿਕਾਸ ਹਾਸਲ ਕੀਤਾ ਹੈ।


Baljit Singh

Content Editor

Related News