ਆਸਟ੍ਰੇਲੀਆ ''ਚ ਅੱਗ ਤੋਂ ਬਾਅਦ ਹੁਣ ਹੜ੍ਹ ਦੇ ਕਹਿਰ ਦਾ ਖਤਰਾ

Monday, Feb 10, 2020 - 04:48 PM (IST)

ਆਸਟ੍ਰੇਲੀਆ ''ਚ ਅੱਗ ਤੋਂ ਬਾਅਦ ਹੁਣ ਹੜ੍ਹ ਦੇ ਕਹਿਰ ਦਾ ਖਤਰਾ

ਸਿਡਨੀ (ਸਨੀ ਚਾਂਦਪੁਰੀ): ਅੱਗ ਦੇ ਸਾੜ ਤੋਂ ਆਸਟ੍ਰੇਲੀਆ ਅਜੇ ਤੱਕ ਪੂਰੀ ਤਰ੍ਹਾਂ ਉੱਭਰਿਆ ਨਹੀਂ ਸੀ ਕਿ ਉਸ ਦੇ ਸਾਹਮਣੇ ਹੜ੍ਹ ਦਾ ਨਵਾਂ ਖਤਰਾ ਮੰਡਰਾ ਰਿਹਾ ਹੈ । ਮੀਂਹ ਨਾਲ ਜਿੱਥੇ ਜੰਗਲ਼ਾਂ ਵਿੱਚ ਲੱਗੀ ਅੱਗ ਤੋਂ ਰਾਹਤ ਮਿਲੀ ਹੈ ਉੱਥੇ ਹੀ ਕਈ ਖੇਤਰ ਮੀਂਹ ਨਾਲ ਪ੍ਰਭਾਵਿਤ ਹੋਏ ਹਨ।ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਆਸਟ੍ਰੇਲੀਆ ਵਿੱਚ ਹੜ੍ਹ ਵਾਲੇ ਹਾਲਾਤ ਪੈਦਾ ਹੋ ਗਏ ਹਨ। ਸਿਡਨੀ ਦੇ ਕਈ ਇਲਾਕਿਆਂ ਵਿੱਚ ਲੱਗਭਗ 700mm ਬਾਰਿਸ਼ ਹੋਈ ਹੈ ਜੋ ਕਿ ਬਹੁਤ ਜ਼ਿਆਦਾ ਹੈ।ਸਿਡਨੀ ਦੀਆਂ ਦੋ ਨਦੀਆਂ ਹਾਕਸਬੇਰੀ ਅਤੇ ਜਾਰਜਜ ਦਾ ਪਾਣੀ ਆਪਣੀਆਂ ਹੱਦਾਂ ਤੋੜ ਕੇ ਵੱਸੋ ਵਾਲੇ ਖੇਤਰਾਂ ਵੱਲ ਫੈਲ ਗਿਆ ਹੈ । 

ਮੌਸਮ ਵਿਭਾਗ ਮਾਹਿਰਾਂ ਨੇ ਵੀ ਹੜ੍ਹ ਦੀ ਚਿਤਾਵਨੀ ਦਿੰਦੇ ਹੋਏ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਖਾਲੀ ਕਰਨ ਲਈ ਕਿਹਾ ਹੈ । ਐਨ ਐਸ ਡਬਲਿਊ ਸਟੇਟ ਐਮਰਜੈਂਸੀ ਸਰਵਿਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਭਾਰੀ ਬਾਰਿਸ਼ ਆਉਣ ਦੇ ਸੰਕੇਤ ਹਨ ਜਿਸ ਨਾਲ ਪੱਛਮੀ ਸਿਡਨੀ ਵਿੱਚ ਮਿਲਪੇਰਾ ਅਤੇ ਲਿਵਰਪੂਲ ਵਰਗੇ ਇਲਾਕਿਆਂ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਹੈ । ਉੱਧਰ ਹੀ ਉੱਤਰੀ ਸਿਡਨੀ ਦੇ ਨਾਰਬੀਨ ਲਗੂਨ ਦੇ ਨਜ਼ਦੀਕ ਦੇ ਵਸਨੀਕਾਂ ਨੂੰ ਵੀ ਇਲਾਕਾ ਖਾਲ਼ੀ ਕਰਨ ਦੀ ਅਪੀਲ ਕੀਤੀ ਹੈ ।ਕਈ ਇਲਾਕਿਆਂ ਵਿੱਚ ਬਿਜਲੀ ਵੀ ਠੱਪ ਰਹੀ।

PunjabKesari

ਬਿਜਲੀ ਦੀਆ ਤਾਰਾਂ ਉੱਤੇ ਦਰਖ਼ਤ ਡਿੱਗਣ ਕਾਰਨ ਬਲੈਕਟਾਊਨ ਦੇ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਰਹੀ ਅਤੇ ਦੋ ਘੰਟਿਆਂ ਬਾਅਦ ਬਿਜਲੀ ਸੇਵਾ ਮੁੜ ਚਾਲੂ ਕੀਤੀ ਗਈ। ਇਸ ਮੌਕੇ ਹਚਿੰਗਸ ਨੇ ਕਿਹਾ ਕਿ ਤੇਜ਼ ਨੁਕਸਾਨਦੇਹ ਹਵਾਵਾਂ ਦੇ ਰਾਜ ਭਰ ਵਿੱਚ ਆਉਣ ਕਾਰਨ ਨੁਕਸਾਨ ਦੀਆ ਖ਼ਬਰਾਂ ਸਾਹਮਣੇ ਆਈਆਂ ਹਨ ਅਤੇ ਪਾਣੀ ਇਕੱਤਰ ਕਰਨ ਲਈ ਬਣਾਏ ਗਏ ਡੈਮ ਵੀ ਖਤਰੇ ਦੇ ਉੱਚ ਪੱਧਰਾਂ 'ਤੇ ਆ ਗਏ ਹਨ । ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਮੀਂਹ ਦੇ ਭਾਰੀ ਸੰਕੇਤ ਦਿੱਤੇ ਗਏ ਹਨ।
 


author

Vandana

Content Editor

Related News