ਆਸਟ੍ਰੇਲੀਆ ਦੇ ਮਾਹਰਾਂ ਨੇ ਐਸਟਰਾਜ਼ੇਨੇਕਾ ਸੰਬੰਧੀ ਪੁੱਛੇ ਸਵਾਲ, ਸਿਹਤ ਅਧਿਕਾਰੀ ਨੇ ਦਿੱਤਾ ਜਵਾਬ

Wednesday, Jan 13, 2021 - 05:56 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਕੋਵਿਡ-19 ਤੋਂ ਸੁਰੱਖਿਆ ਲਈ ਬਣੀ ਵੈਕਸੀਨ ਐਸਟਰਾਜ਼ੇਨੇਕਾ ਦੀ ਕਾਰਗੁਜ਼ਾਰੀ 'ਤੇ ਲਗਾਤਾਰ ਸਵਾਲ ਉਠ ਰਹੇ ਹਨ। ਮੁੱਖ ਸਿਹਤ ਅਧਿਕਾਰੀ ਪੌਲ ਕੈਲੀ ਲਗਾਤਾਰ ਇਸ ਕੋਸ਼ਿਸ਼ ਵਿਚ ਹਨ ਕਿ ਸਵਾਲ ਕਰਨ ਵਾਲਿਆਂ ਨੂੰ ਵਾਜਿਬ ਜਵਾਬਾਂ ਨਾਲ ਸ਼ਾਂਤ ਕੀਤਾ ਜਾ ਸਕੇ। ਕਲੀਨਿਕਲ ਟ੍ਰਾਇਲਾਂ ਦੇ ਅੰਕੜਿਆਂ ਨੂੰ ਵਾਚਦਿਆਂ ਪਤਾ ਚਲਦਾ ਹੈ ਕਿ ਉਕਤ ਦਵਾਈ 62% ਤੋਂ 90% ਤੱਕ ਕਾਰਗਰ ਹੈ ਜਦੋਂ ਕਿ ਫਾਈਜ਼ਰ ਅਤੇ ਮੋਡਰਨਾ ਦੀਆਂ ਵੈਕਸੀਨ ਇਸ ਤੋਂ ਕਾਫੀ ਉਪਰ ਹਨ ਅਤੇ ਸਿੱਧੇ ਤੌਰ ਤੇ 90% ਦਾ ਨਤੀਜਾ ਦਿਖਾ ਰਹੀਆਂ ਹਨ। 

PunjabKesari

ਪਰ ਕੈਲੇ ਦਾ ਮੰਨਣਾ ਅਤੇ ਕਹਿਣਾ ਹੈ ਕਿ ਐਸਟਰਾਜ਼ੇਨੇਕਾ ਇੱਕ ਉਤਮ ਵੈਕਸੀਨ ਹੈ ਅਤੇ ਹਰ ਤਰ੍ਹਾਂ ਨਾਲ ਕੋਵਿਡ-19 ਦੇ ਬਚਾਉ ਲਈ ਸਹੀ ਅਤੇ ਸੁਰੱਖਿਅਤ ਵੀ ਹੈ। ਇਸ ਨੂੰ ਟੀ.ਜੀ.ਏ. (Therapeutic Goods Administration) ਵੱਲੋਂ ਪੂਰੀ ਤਰ੍ਹਾਂ ਨਾਲ ਪ੍ਰਮਾਣਿਤ ਵੀ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਜਲਦੀ ਹੀ ਪੁਸ਼ਟੀ ਵੀ ਕਰ ਦਿੱਤੀ ਜਾਵੇਗੀ। ਉਂਝ ਆਸਟ੍ਰੇਲੀਆਈ ਸਰਕਾਰ ਨੇ ਐਸਟਰਾਜ਼ੇਨੇਕਾ ਦੇ ਨਾਲ-ਨਾਲ ਫਾਈਜ਼ਰ ਅਤੇ ਨੋਵਾਵੈਕਸ ਨਾਲ ਵੀ ਸਪਲਾਈ ਦੇ ਇਕਰਾਰ ਕੀਤੇ ਹੋਏ ਹਨ। ਆਸਟ੍ਰੇਲੀਆਈ ਨੈਸ਼ਨਲ ਯੂਨੀਵਰਸਿਟੀ ਦੇ ਮਾਹਰ ਡਾਕਟਰ ਪੀਟਰ ਕੋਲਿਗਨਨ ਦਾ ਕਹਿਣਾ ਹੈ ਕਿ ਸਰਕਾਰ ਅਤੇ ਅਧਿਕਾਰੀਆਂ ਨੇ 50% ਤੱਕ ਦੀ ਫਾਇਦੇ ਵਾਲੀ ਦਵਾਈ ਨੂੰ ਮਾਨਤਾ ਦੇਣੀ ਮੰਨੀ ਸੀ ਅਤੇ ਐਸਟਰਾਜ਼ੇਨੇਕਾ ਇਸ ਤੋਂ ਕਾਫੀ ਉਪਰ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਕਰੀਬ ਸੱਤ ਦਹਾਕੇ ਬਾਅਦ ਕੈਦੀ ਬੀਬੀ ਨੂੰ ਦਿੱਤੀ ਗਈ ਮੌਤ ਦੀ ਸਜ਼ਾ

ਇਹ ਦਵਾਈ ਪੂਰੀ ਤਰ੍ਹਾਂ ਨਾਲ ਅਸਰਦਾਰ ਵੀ ਹੈ। ਦੂਸਰੇ ਪਾਸੇ ਮੋਨਾਸ਼ ਯੂਨੀਵਰਸਿਟੀ ਤੋਂ ਮਾਹਰ ਡਾਕਟਰ ਮਿਸ਼ੈਲ ਆਨੰਦਾ ਰਾਜਾ ਮੰਨਦੇ ਹਨ ਕਿ ਸਰਕਾਰ ਨੂੰ ਐਸਟਰਾਜ਼ੇਨੇਕਾ ਤੋਂ ਵੱਖ ਫਾਈਜ਼ਰ ਅਤੇ ਮੋਡਰਨਾ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਟੀ.ਜੀ.ਏ ਦੀ ਇਜਾਜ਼ਤ ਤੋਂ ਬਿਨ੍ਹਾਂ ਹੀ ਹਾਲ ਦੀ ਘੜੀ ਐਸਟਰਾਜ਼ੇਨੇਕਾ ਨੂੰ 54 ਮਿਲੀਅਨ ਖੁਰਾਕਾਂ ਦਾ ਆਰਡਰ ਦੇ ਵੀ ਦਿੱਤਾ ਹੈ। ਇਸ ਤੋਂ ਇਲਾਵਾ ਹੋਰ 10 ਮਿਲੀਅਨ ਅਤੇ ਨੋਵਾਵੈਕਸ ਕੋਲੋਂ 11 ਮਿਲੀਅਨ ਖੁਰਾਕਾਂ ਦਾ ਆਰਡਰ ਸੁਰੱਖਿਅਤ ਕੀਤਾ ਗਿਆ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News