ਆਸਟ੍ਰੇਲੀਆ : ਦੋ ਵਿਅਕਤੀਆਂ ਵਿਚਕਾਰ ਝੜਪ, 1 ਦੀ ਮੌਤ
Sunday, Dec 23, 2018 - 10:11 AM (IST)

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਪੂਰਬ ਵਿਚ ਕੇ.ਐੱਫ.ਸੀ. ਆਊਟਲੈੱਟ ਦੇ ਬਾਹਰ ਦੋ ਵਿਅਕਤੀਆਂ ਵਿਚਕਾਰ ਝੜਪ ਹੋ ਗਈ। ਝੜਪ ਦੌਰਾਨ ਇਕ ਵਿਅਕਤੀ ਨੇ ਦੂਜੇ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਜ਼ਖਮੀ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਜਾ ਹਸਪਤਾਲ ਵਿਚ ਹੈ।
ਜਾਣਕਾਰੀ ਮੁਤਾਬਕ 30 ਅਤੇ 60 ਸਾਲਾ ਵਿਅਕਤੀ ਬੋਂਡੀ ਜੰਕਸ਼ਨ ਵਿਚ ਆਕਸਫੋਰਡ ਸਟ੍ਰੀਟ ਦੇ ਸਟੋਰ ਵਿਚ ਹੋਈ ਲੜਾਈ ਵਿਚ ਸ਼ਾਮਲ ਸਨ। ਉਹ ਦੋਵੇਂ ਲੜਦੇ-ਲੜਦੇ ਬਾਹਰ ਤੱਕ ਆ ਗਏ ਅਤੇ ਫਿਰ 60 ਸਾਲਾ ਵਿਅਕਤੀ ਨੂੰ ਕਈ ਵਾਰ ਚਾਕੂ ਮਾਰਿਆ ਗਿਆ। ਮੌਕੇ 'ਤੇ ਪਹੁੰਚੀ ਪੁਲਸ ਅਤੇ ਪੈਰਾ ਮੈਡੀਕਲ ਅਧਿਕਾਰੀਆਂ ਨੇ ਉਸ ਨੂੰ ਸੀ.ਪੀ.ਆਰ. ਦਿੱਤੀ ਪਰ 60 ਸਾਲਾ ਵਿਅਕਤੀ ਨੂੰ ਬਚਾਇਆ ਨਹੀਂ ਜਾ ਸਕਿਆ।
ਇਸ ਹਮਲੇ ਵਿਚ 30 ਸਾਲਾ ਵਿਅਕਤੀ ਵੀ ਜ਼ਖਮੀ ਹੋਇਆ ਸੀ। ਪੁਲਸ ਦੀ ਨਿਗਰਾਨੀ ਵਿਚ ਇਲਾਜ ਲਈ ਉਸ ਨੂੰ ਸੈਂਟ ਵਿਨਸੈਂਟ ਹਸਪਤਾਲ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਦੀ ਸਰਜਰੀ ਕੀਤੀ। ਹੁਣ ਵਿਅਕਤੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹਾਲੇ ਤੱਕ ਲੜਾਈ ਹੋਣ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਹੈ। ਪੁਲਸ ਨੇ ਇਸ ਮਾਮਲੇ ਬਾਰੇ ਜਾਣਕਾਰੀ ਰੱਖਣ ਵਾਲੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ।