ਆਸਟਰੇਲੀਆ : ''ਵਰਕਿੰਗ ਹਾਲੀਡੇਅ'' ਵੀਜ਼ਾ ਪ੍ਰੋਗਰਾਮ ''ਚ ਤਬਦੀਲੀ ਦਾ ਐਲਾਨ

02/19/2020 12:47:10 AM

ਮੈਲਬੌਰਨ (ਇੰਟ)- ਆਸਟਰੇਲੀਆ ਸਰਕਾਰ ਨੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ ਪ੍ਰਭਾਵਿਤ ਹੋਈਆਂ ਕਮਿਊਨੀਟੀਜ਼ ਨੂੰ ਮੁੜ ਉਸਾਰੀ ਦੇ ਕੰਮਾਂ 'ਚ ਮਦਦ ਕਰਨ ਵਾਸਤੇ ਵਰਕਿੰਗ ਹਾਲੀਡੇਅ ਵੀਜ਼ਾ ਪ੍ਰੋਗਰਾਮ 'ਚ ਤਬਦੀਲੀ ਕਰਨ ਦਾ ਐਲਾਨ ਦਿੱਤਾ ਹੈ। ਹੁਣ ਵਰਕਿੰਗ ਹਾਲੀਡੇਅ ਵੀਜ਼ਾ ਪ੍ਰੋਗਰਾਮ 'ਤੇ 6 ਮਹੀਨੇ ਵਾਲੀ ਸ਼ਰਤ ਲਾਗੂ ਨਹੀਂ ਹੋਵੇਗੀ। ਇਸ ਵੀਜ਼ਾ ਯੋਜਨਾ ਤਹਿਤ 18 ਤੋਂ 30 ਸਾਲ ਦੇ ਵਿਦੇਸ਼ੀ ਲੋਕ 12 ਮਹੀਨੇ ਤੱਕ ਆਸਟਰੇਲੀਆ ਵਿਚ ਰਹਿ ਸਕਦੇ ਹਨ ਪਰ ਕੰਮ ਕਰਨ ਦੀ ਇਜਾਜ਼ਤ ਸਿਰਫ 6 ਮਹੀਨੇ ਲਈ ਦਿੱਤੀ ਜਾਂਦੀ ਹੈ।

ਵਾਲੰਟੀਅਰ ਵਜੋਂ ਸੇਵਾ ਨੂੰ ਵੀਜ਼ਾ ਨਿਯਮਾਂ ਦੀ ਸ਼੍ਰੇਣੀ ਵਿਚ ਨਹੀਂ ਰੱਖਿਆ ਗਿਆ। ਇਕ ਸਾਲ ਮੁਕੰਮਲ ਹੋਣ ਮਗਰੋਂ ਮੁੜ ਵੀਜ਼ਾ ਹਾਸਲ ਕਰਨ ਵਾਸਤੇ ਵਿਦੇਸ਼ੀ ਨਾਗਰਿਕਾਂ ਨੂੰ ਆਸਟਰੇਲੀਆ ਦੇ ਖੇਤਰੀ ਇਲਾਕਿਆਂ ਵਿਚ 88 ਦਿਨ ਤੱਕ ਕੰਮ ਕਰਕੇ ਦਿਖਾਉਣਾ ਹੁੰਦਾ ਹੈ ਅਤੇ ਜੇ ਉਹ ਤੀਜੇ ਸਾਲ ਵਾਸਤੇ ਵੀਜ਼ਾ ਚਾਹੁੰਦੇ ਹਨ ਤਾਂ 6 ਮਹੀਨੇ ਕੰਮ ਕਰਨ ਦੀ ਸ਼ਰਤ ਰੱਖੀ ਗਈ ਹੈ। ਆਸਟਰੇਲੀਆ ਦੇ ਕਾਰਜਕਾਰੀ ਇੰਮੀਗ੍ਰੇਸ਼ਨ ਮੰਤਰੀ ਐਲਨ ਟੂਜ ਨੇ ਕਿਹਾ ਕਿ ਨਿਯਮਾਂ ਵਿਚ ਤਬਦੀਲੀ ਮਗਰੋਂ ਅੱਗ ਨਾਲ ਪ੍ਰਭਾਵਿਤ ਖੇਤਰਾਂ ਵਿਚ 6 ਮਹੀਨੇ ਵਾਲੀ ਸ਼ਰਤ ਲਾਗੂ ਨਹੀਂ ਹੋਵੇਗੀ।

ਦੂਜਾ ਵੱਡਾ ਬਦਲਾਅ ਇਹ ਕੀ ਬੈਕਪੈਕਰਸ ਜੋ ਵਲੰਟੀਅਰ ਵਜੋਂ ਕੰਮ ਕਰਨਗੇ ਉਹ ਉਨ੍ਹਾਂ ਦੇ ਵੀਜ਼ਾ ਨੂੰ ਐਕਸਟੈਂਡ ਕਰਨ ਵਿਚ ਇਸਤੇਮਾਲ ਹੋ ਸਕੇਗਾ। ਬਲੇਜ਼ ਐਡ ਇਕ ਵਲੰਟੀਅਰ ਸੰਸਥਾ ਹੈ ਇਸ ਨੂੰ ਵਿਕਟੋਰੀਆ ਵਿਚ 2009 ਦੀ ਬਲੈਕ ਸੈਟਰਡੇ ਬੁਸ਼ਫਾਇਰ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ। ਇਹ ਰੀਜ਼ਨਲ ਇਲਾਕਿਆਂ ਦੇ ਲੋਕਾਂ ਨੂੰ ਕੁਦਰਤੀ ਆਫਤਾਂ ਵਰਗੇ ਹਾਲਤ ਵਿਚ ਮੁੜ ਵਸੇਬੇ ਵਿਚ ਮਦਦ ਦੇਣ ਦਾ ਕੰਮ ਕਰਦੀ ਹੈ। ਬਲੇਜ਼ ਐਡ ਦੇ ਵਲੰਟੀਅਰ ਘਰਾਂ ਦੇ ਫੇਂਸ ਅਤੇ ਦੂਜੇ ਢਾਂਚਿਆਂ ਨੂੰ ਖੜਾ ਕਰਨ ਦਾ ਕੰਮ ਕਰਦੇ ਹਨ। ਕੇਵਿਨ ਬਟਲਰ ਬਲੇਜ਼ ਐਡ ਦੇ ਸੰਸਥਾਪਕ ਹਨ ਉਨ੍ਹਾਂ ਨੇ ਫੈਡਰਲ ਸਰਕਾਰ ਤੋਂ ਵਰਕਿੰਗ ਹਾਲੀਡੇਅ ਪ੍ਰੋਗਰਾਮ ਵਿਚ ਬਦਲਾਅ ਦੀ ਸਿਫਾਰਿਸ਼ ਕੀਤੀ ਸੀ।

ਲੇਬਰ ਪਾਰਟੀ ਦੇ ਟ੍ਰੇਜਰੀ ਮਾਮਲਿਆਂ ਦੇ ਬੁਲਾਰੇ ਜਿਮ ਚਾਲਮਰਸ ਕਹਿੰਦੇ ਹਨ ਕਿ ਉਨ੍ਹਾਂ ਨੇ ਇਨ੍ਹਾਂ ਬਦਲਾਵਾਂ ਦੇ ਲਈ ਕਈ ਹਫਤੇ ਪਹਿਲਾਂ ਹੀ ਸਿਫਾਰਿਸ਼ ਕਰ ਦਿੱਤੀ ਸੀ। ਪਰ ਟ੍ਰੇਡ ਯੂਨੀਅਨ ਮੂਵਮੈਂਟ ਨਾਲ ਜੁੜੇ ਲੋਕਾਂ ਨੂੰ ਇਸ ਸਕੀਮ ਦੀ ਸਫਲਤਾ ਦਾ ਭਰੋਸਾ ਨਹੀਂ ਹੈ। ਆਸਟਰੇਲੀਆਈ ਕੌਂਸਲ ਆਫ ਟ੍ਰੇਡ ਯੂਨੀਅਨਸ ਨੇ ਪਹਿਲਾਂ ਵੀ ਲਾਲਚੀ ਐਂਪਲਾਇਰਾਂ ਵਲੋਂ ਬੈਕਪੈਕਰਸ ਦੇ ਸ਼ੋਸ਼ਣ ਬਾਰੇ ਦੱਸਿਆ ਸੀ। ਇਕ ਬਿਆਨ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਬੁਸ਼ਫਾਇਰ ਤੋਂ ਉਭਰਣ ਦੀਆਂ ਸਾਰੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਦੇ ਹਨ ਪਰ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸਥਾਨਕ ਕਾਮੇ ਇਸ ਮੌਕੇ 'ਤੇ ਕੰਮ ਕਰਨਾ ਪਸੰਦ ਕਰਨਗੇ ਅਤੇ ਇਨ੍ਹਾਂ ਇਲਾਕਿਆਂ ਵਿਚ ਬੇਰੋਜ਼ਗਾਰ ਨੌਜਵਾਨਾਂ ਦੀ ਵੱਡੀ ਗਿਣਤੀ ਵੀ ਹੈ।


Sunny Mehra

Content Editor

Related News