ਆਸਟ੍ਰੇਲੀਆਈ ਵਿਗਿਆਨੀ ਦਾ ਦਾਅਵਾ- ''ਮਨੁੱਖੀ ਲਾਸ਼ 1 ਸਾਲ ਤੱਕ ਕਰਦੀ ਹੈ ਹਰਕਤ''

9/16/2019 3:49:03 PM

ਸਿਡਨੀ (ਬਿਊਰੋ)— ਮਰਨ ਦੇ ਬਾਅਦ ਵੀ ਇਨਸਾਨੀ ਸਰੀਰ ਕਰੀਬ 1 ਸਾਲ ਤੱਕ ਹਰਕਤ ਕਰਦਾ ਹੈ। ਇਹ ਦਾਅਵਾ ਆਸਟ੍ਰੇਲੀਆ ਦੀ ਵਿਗਿਆਨੀ ਐਲੀਸਨ ਵਿਲਸਨ ਨੇ ਆਪਣੀ ਰਿਸਰਚ ਵਿਚ ਕੀਤਾ ਹੈ। ਉਨ੍ਹਾਂ ਨੇ ਇਕ ਲਾਸ਼ 'ਤੇ 17 ਮਹੀਨੇ ਤੱਕ ਨਜ਼ਰ ਰੱਖੀ ਅਤੇ ਉਸ ਦੀ ਹਰ ਗਤੀਵਿਧੀ ਨੂੰ ਕੈਮਰੇ ਵਿਚ ਕੈਦ ਕੀਤਾ। ਐਲੀਸਨ ਦਾ ਕਹਿਣਾ ਹੈ ਕਿ ਮਰਨ ਦੇ ਬਾਅਦ ਵੀ ਇਨਸਾਨ ਦੇ ਸਰੀਰ ਵਿਚ ਕੁਝ ਹੱਦ ਤੱਕ ਗਤੀ ਹੁੰਦੀ ਰਹਿੰਦੀ ਹੈ। ਇਸ ਕਾਰਨ ਕਈ ਵਾਰ ਮੁਰਦਾ ਇਨਸਾਨ ਦੇ ਜ਼ਿੰਦਾ ਹੋਣ ਦਾ ਵਹਿਮ ਵੀ ਹੁੰਦਾ ਹੈ।

ਐਲੀਸਨ ਵਿਲਸਨ ਮੁਤਾਬਕ,''ਰਿਸਰਚ ਦੀ ਸ਼ੁਰੂਆਤ ਵਿਚ ਲਾਸ਼ ਦੇ ਹੱਥ ਨੂੰ ਸਰੀਰ ਨਾਲ ਚਿਪਕਾ ਕੇ ਰੱਖਿਆ ਗਿਆ ਸੀ। ਸਮਾਂ ਬੀਤਣ ਦੇ ਨਾਲ ਹੱਥ ਹੌਲੀ-ਹੌਲੀ ਬਾਹਰ ਵੱਲ ਖਿਸਕ ਗਿਆ। ਉਨ੍ਹਾਂ ਨੇ ਦੱਸਿਆ ਕਿ ਸ਼ਾਇਦ ਸੜਨ ਕਾਰਨ (Decomposition) ਅਜਿਹਾ ਹੋਇਆ ਹੋਵੇ। ਸਮੇਂ ਦੇ ਨਾਲ-ਨਾਲ ਜਿਵੇਂ-ਜਿਵੇਂ ਸਰੀਰ ਸੁੱਕਦਾ ਹੈ ਉਸ ਵਿਚ ਹਲਚਲ ਵੀ ਵੱਧਦੀ ਹੈ। ਐਲੀਸਨ ਕਹਿੰਦੀ ਹੈ,''ਇਸ ਰਿਸਰਚ ਨਾਲ ਹੱਤਿਆ ਅਤੇ ਮੌਤ ਦੇ ਮਾਮਲਿਆਂ ਦੀ ਪੜਤਾਲ ਵਿਚ ਮਦਦ ਮਿਲ ਸਕਦੀ ਹੈ।''

ਲਾਸ਼ 'ਤੇ ਰਿਸਰਚ ਕਰਨ ਲਈ ਐਲੀਸਨ ਹਰ ਮਹੀਨੇ 3 ਘੰਟੇ ਦੀ ਫਲਾਈਟ ਜ਼ਰੀਏ ਕੈਨਰਸ ਤੋਂ ਸਿਡਨੀ ਜਾਂਦੀ ਸੀ। ਇਹ ਰਿਸਰਚ ਉੱਥੇ ਹੋ ਰਹੀ ਸੀ। ਇਨਸਾਨੀ ਲਾਸ਼ਾਂ ਦੀ ਮੂਵਮੈਂਟ ਦਾ ਨਿਰੀਖਣ ਕਰਨ ਲਈ ਟਾਈਮ ਲੈਪਸ ਕੈਮਰਾ ਲਗਾਇਆ ਗਿਆ ਸੀ, ਜੋ ਹਰ 30 ਮਿੰਟ ਵਿਚ ਲਾਸ਼ਾਂ ਦੀਆਂ ਤਸਵੀਰਾਂ ਲੈਂਦਾ ਸੀ। ਐਲੀਸਨ ਦਾ ਕਹਿਣਾ ਹੈ ਕਿ ਬਚਪਨ ਤੋਂ ਜਾਣਨ ਦੀ ਇੱਛਾ ਸੀ ਕਿ ਮੌਤ ਦੇ ਬਾਅਦ ਸਰੀਰ ਦਾ ਕੀ ਹੁੰਦਾ ਹੈ। ਉਸ ਵਿਚ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਹੁੰਦੀਆਂ ਹਨ। ਇਸ ਨੂੰ ਹੋਰ ਵੀ ਬਿਹਤਰ ਤਰੀਕੇ ਨਾਲ ਸਮਝਣ ਲਈ ਰਿਸਰਚ ਜਾਰੀ ਹੈ। 

ਫੌਰੈਂਸਿਕ ਸਾਇੰਸ ਇੰਟਰਨੈਸ਼ਨਲ ਸਿਨਰਜੀ ਜਨਰਲ ਮੁਤਾਬਕ ਇਸ ਰਿਸਰਚ ਦੀ ਮਦਦ ਨਾਲ ਮੌਤ ਦੇ ਬਾਅਦ ਸਰੀਰ ਵਿਚ ਹੋਣ ਵਾਲੀਆਂ ਤਬਦੀਲੀਆਂ ਨੂੰ ਸਮਝਿਆ ਜਾ ਸਕੇਗਾ। ਐਲੀਸਨ ਦੱਸਦੀ ਹੈ,''ਉਸ ਨੂੰ ਖੁਸ਼ੀ ਹੈ ਕਿ ਉਹ ਆਪਣੀ ਰਿਸਰਚ ਵਿਚ ਸਫਲ ਰਹੀ ਅਤੇ ਲਾਸ਼ ਵਿਚ ਦਿੱਸਣ ਵਾਲੀ ਹਰਕਤ ਨੂੰ ਸਾਰਿਆਂ ਸਾਹਮਣੇ ਲਿਆ ਪਾਈ। ਇਸ ਨੂੰ ਹੁਣ ਤੱਕ ਕੋਈ ਨਹੀਂ ਸਮਝਾ ਪਾਇਆ ਹੈ। ਮੈਂ ਇਸ ਨੂੰ ਬਿਹਤਰ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ।''


Vandana

Edited By Vandana