ਆਸਟ੍ਰੇਲੀਆ ਤੇ ਬ੍ਰਿਟੇਨ ਨੇ ਨਾਗਰਿਕਾਂ ਨੂੰ ਸ਼੍ਰੀਲੰਕਾ ਨਾ ਜਾਣ ਦੀ ਦਿੱਤੀ ਸਲਾਹ
Friday, Apr 26, 2019 - 11:08 AM (IST)

ਸਿਡਨੀ/ਲੰਡਨ (ਭਾਸ਼ਾ)— ਆਸਟ੍ਰੇਲੀਆ ਅਤੇ ਬ੍ਰਿਟੇਨ ਨੇ ਆਪਣੇ ਨਾਗਰਿਕਾਂ ਲਈ ਸਲਾਹ ਜਾਰੀ ਕੀਤੀ ਹੈ। ਸਲਾਹ ਮੁਤਾਬਕ ਜਦੋਂ ਤੱਕ ਲੋੜੀਂਦਾ ਨਾ ਹੋਵੇ ਉਦੋਂ ਤੱਕ ਉਹ ਸ਼੍ਰੀਲੰਕਾ ਦੀ ਯਾਤਰਾ ਨਾ ਕਰਨ। ਐਤਵਾਰ ਨੂੰ ਈਸਟਰ ਮੌਕੇ ਹੋਏ ਹਮਲੇ ਵਿਚ 253 ਲੋਕਾਂ ਦੇ ਮਾਰੇ ਜਾਣ ਅਤੇ 500 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੇ ਬਾਅਦ ਇੱਥੇ ਅੱਤਵਾਦੀਆਂ ਦੇ ਅੱਗੇ ਹੋਰ ਹਮਲੇ ਕਰਨ ਦਾ ਖਦਸ਼ਾ ਹੈ।
ਸਲਾਹ ਮੁਤਾਬਕ ਭਵਿੱਖ ਵਿਚ ਕਿਤੇ ਵੀ ਹਮਲੇ ਹੋ ਸਕਦੇ ਹਨ। ਬੰਬ ਧਮਾਕਿਆਂ ਦੇ ਤੁਰੰਤ ਬਾਅਦ, ਬ੍ਰਿਟੇਨ ਵਿਦੇਸ਼ ਦਫਤਰ (ਐੱਫ.ਸੀ.ਓ.) ਨੇ ਆਪਣੇ ਦਿਸ਼ਾ ਨਿਰਦੇਸ਼ ਅਪਡੇਟ ਕੀਤੇ ਅਤੇ ਦੇਸ਼ ਵਿਚ ਬ੍ਰਿਟਿਸ਼ ਨਾਗਰਿਕਾਂ ਨੂੰ ਭੀੜ ਭੱੜਕੇ ਵਾਲੇ ਇਲਾਕਿਆਂ ਤੋਂ ਬਚਣ ਦੀ ਅਪੀਲ ਕੀਤੀ। ਭਾਵੇਂਕਿ ਉਸ ਨੇ ਵੀਰਵਾਰ ਨੂੰ ਅੱਗੇ ਹੋਰ ਹਮਲੇ ਹੋਣ ਦਾ ਖਦਸ਼ਾ ਜ਼ਾਹਰ ਕੀਤਾ। ਸਲਾਹ ਵਿਚ ਕਿਹਾ ਗਿਆ,''ਵਿਦੇਸ਼ ਅਤੇ ਰਾਸ਼ਟਰ ਮੰਡਲ ਦਫਤਰ 21 ਅਪ੍ਰੈਲ 2019 ਦੇ ਹਮਲਿਆਂ ਦੇ ਬਾਅਦ ਵਰਤਮਾਨ ਸੁਰੱਖਿਆ ਸਥਿਤੀ ਦੇ ਕਾਰਨ ਬਹੁਤ ਲੋੜੀਂਦੀ ਯਾਤਰਾ ਦੇ ਇਲਾਵਾ ਆਪਣੇ ਨਾਗਰਿਕਾਂ ਨੂੰ ਸ਼੍ਰੀਲੰਕਾ ਨਾ ਜਾਣ ਦੀ ਸਲਾਹ ਦਿੰਦਾ ਹੈ।'' ਸਲਾਹ ਵਿਚ ਇਹ ਵੀ ਿਕਹਾ ਗਿਆ,''ਅੱਤਵਾਦੀ ਸ਼੍ਰੀਲੰਕਾ ਵਿਚ ਹਮਲਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਹੜੀਆਂ ਥਾਵਾਂ 'ਤੇ ਵਿਦੇਸ਼ੀਆਂ ਦੇ ਇਕੱਠੇ ਹੋਣ ਦੀ ਸੰਭਾਵਨਾ ਰਹਿੰਦੀ ਹੈ ਉਸ ਦੇ ਸਮੇਤ ਕਿਤੇ ਵੀ ਹਮਲੇ ਹੋ ਸਕਦੇ ਹਨ।''
ਵਿਦੇਸ਼ ਦਫਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਯਾਤਰਾ ਵਿਚ ਤਬਦੀਲੀ ਦੀ ਸਲਾਹ ਤਾਜ਼ਾ ਖੁਫੀਆ ਸੂਚਨਾ ਦੇ ਕਾਰਨ ਨਹੀਂ ਦਿੱਤੀ ਗਈ ਸਗੋਂ ਲੋੜੀਂਦੀ ਸਾਵਧਾਨੀ ਦੇ ਕਾਰਨ ਦਿੱਤੀ ਗਈ ਹੈ। ਸ਼੍ਰੀਲੰਕਾ ਵਿਚ ਹੋਰ ਅੱਤਵਾਦੀ ਹਮਲੇ ਦਾ ਖਦਸ਼ੇ ਸਬੰਧੀ ਚਿਤਾਵਨੀ ਕਾਰਨ ਬ੍ਰਿਟੇਨ ਵਾਂਗ ਹੀ ਅਮਰੀਕਾ ਜਿਹੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਇੱਥੇ ਨਾ ਜਾਣ ਦੀ ਸਲਾਹ ਦਿੱਤੀ ਹੈ।