ਮਹਾਤਮਾ ਗਾਂਧੀ ਦੇ ਦਸਤਖਤ ਵਾਲੀ ਦੁਰਲੱਭ ਤਸਵੀਰ ਹੋਈ ਨੀਲਾਮ

Friday, Mar 09, 2018 - 11:05 AM (IST)

ਮਹਾਤਮਾ ਗਾਂਧੀ ਦੇ ਦਸਤਖਤ ਵਾਲੀ ਦੁਰਲੱਭ ਤਸਵੀਰ ਹੋਈ ਨੀਲਾਮ

ਵਾਸ਼ਿੰਗਟਨ (ਭਾਸ਼ਾ)— ਮਹਾਤਮਾ ਗਾਂਧੀ ਦੇ ਦਸਤਖਤ ਵਾਲੀ ਇਕ ਦੁਰਲੱਭ ਤਸਵੀਰ ਅਮਰੀਕਾ ਵਿਚ 41,806 ਡਾਲਰ ਵਿਚ ਨੀਲਾਮ ਹੋਈ। ਇਸ ਤਸਵੀਰ ਵਿਚ ਗਾਂਧੀ ਜੀ ਦੇ ਨਾਲ ਮਦਨ ਮੋਹਨ ਮਾਲਵੀਆ ਵੀ ਹਨ। ਬੋਸਟਨ ਸਥਿਤ ਆਰ. ਆਰ. ਨੀਲਾਮੀ ਮੁਤਾਬਕ ਇਹ ਤਸਵੀਰ ਲੰਡਨ ਵਿਚ ਸਤੰਬਰ 1931 ਵਿਚ ਦੂਜੇ ਗੋਲਮੇਜ ਸੰਮੇਲਨ ਦੇ ਬਾਅਦ ਲਈ ਗਈ ਸੀ। ਇਸ ਦੁਰਲੱਭ ਤਸਵੀਰ 'ਤੇ ਫਾਊਂਟੇਨ ਪੈੱਨ ਨਾਲ ਮਹਾਤਮਾ ਗਾਂਧੀ ਨੇ ''ਐੱਮ. ਕੇ. ਗਾਂਧੀ'' ਲਿਖ ਕੇ ਆਪਣੇ ਦਸਤਖਤ ਕੀਤੇ ਹਨ। 
ਪ੍ਰੈੱਸ ਦੇ ਬਿਆਨ ਮੁਤਾਬਕ ਗਾਂਧੀ ਬ੍ਰਿਟੇਨ ਵੱਲੋਂ ਆਯੋਜਿਤ ਦੂਜੀ ਗੋਲਮੇਜ ਸੰਮੇਲਨ ਵਿਚ ਹਿੱਸਾ ਲੈ ਰਹੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਵਫਦ ਦਾ ਹਿੱਸਾ ਸਨ। ਸਾਲ 1930 ਤੋਂ ਸਾਲ 1932 ਤੱਕ ਤਿੰਨ ਗੋਲਮੇਜ ਸੰਮੇਲਨਾਂ ਦਾ ਆਯੋਜਨ ਹੋਇਆ ਸੀ, ਜਿਨ੍ਹਾਂ ਦਾ ਉਦੇਸ਼ ਉਸ ਸਮੇਂ ਭਾਰਤ ਵਿਚ ਹੋ ਰਹੇ ਸੰਵਿਧਾਨਿਕ ਸੁਧਾਰਾਂ 'ਤੇ ਚਰਚਾ ਕਰਨਾ ਸੀ। ਮਾਲਵੀਆ ਰਸਮੀ ਰੂਪ ਵਿਚ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਗਾਂਧੀ ਦੀ ਅਗਵਾਈ ਵਿਚ ਹੋਏ ਅਸਹਿਯੋਗ ਅੰਦਲੋਨ ਵਿਚ ਉਨ੍ਹਾਂ ਦੀ ਖਾਸ ਭੂਮਿਕਾ ਸੀ। ਆਰ. ਆਰ. ਨੀਲਾਮੀ ਮੁਤਾਬਕ ਇਹ ਤਸਵੀਰ ਉਸ ਸਮੇਂ ਦੀ ਹੈ, ਜਦੋਂ ਗਾਂਧੀ ਜੀ ਆਪਣੇ ਸੱਜੇ ਹੱਥ ਦੇ ਅੰਗੂਠੇ ਦੇ ਦਰਦ ਨਾਲ ਪਰੇਸ਼ਾਨ ਸਨ। ਇਸ ਨੀਲਾਮੀ ਦੌਰਾਨ ਕਾਰਲ ਮਾਰਕਸ ਦਾ ਇਕ ਪੱਤਰ 3,509 ਡਾਲਰ ਵਿਚ ਵਿਕਿਆ। ਸਾਲ 1903 ਵਿਚ ਲਿਖਿਆ ਲੀਓ ਟਾਲਸਟਾਏ ਦਾ ਇਕ ਪੱਤਰ 21,450 ਡਾਲਰ ਵਿਚ ਨੀਲਾਮ ਹੋਇਆ। ਮਸ਼ੂਹਰ ਅਮਰੀਕੀ ਭੌਤਿਕੀ ਵੋਲਫਗੈਂਗ ਪੌਲੀ ਦਾ ਸਾਲ 1949 ਵਿਚ ਲਿਖਿਆ ਇਕ ਪੱਤਰ 14,700 ਡਾਲਰ ਵਿਚ ਨੀਲਾਮ ਹੋਇਆ।


Related News