ਰਾਹੁਲ ਗਾਂਧੀ ਦਾ ਸਮਰਥਨ ਕਰਨ 'ਤੇ ਟਰੋਲ ਹੋਏ ਰੋ ਖੰਨਾ, ਕਿਹਾ- ਮੇਰੇ 'ਤੇ ਹਮਲਾ ਕਰੋ, ਆਜ਼ਾਦੀ ਘੁਲਾਟੀਆਂ 'ਤੇ ਨਹੀਂ
Wednesday, Mar 29, 2023 - 02:16 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਸੰਸਦ ਮੈਂਬਰ ਰੋ ਖੰਨਾ ਆਪਣੇ ਮਰਹੂਮ ਨਾਨਾ ਅਮਰਨਾਥ ਵਿਦਿਆਲੰਕਰ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ, ਜਿਨ੍ਹਾਂ ਦੀ ਐਮਰਜੈਂਸੀ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸਮਰਥਨ ਕਰਨ ਲਈ ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਆਲੋਚਨਾ ਹੋਈ ਸੀ। ਖੰਨਾ ਨੇ ਕਿਹਾ, "ਮੇਰੇ 'ਤੇ ਹਮਲਾ ਕਰੋ, ਭਾਰਤ ਦੇ ਆਜ਼ਾਦੀ ਘੁਲਾਟੀਆਂ 'ਤੇ ਹਮਲਾ ਨਾ ਕਰੋ।" ਪਿਛਲੇ ਹਫ਼ਤੇ ਡੈਮੋਕਰੇਟ ਸੰਸਦ ਮੈਂਬਰ ਖੰਨਾ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਠਹਿਰਾਉਣ ਨੂੰ ਗਾਂਧੀਵਾਦੀ ਫਲਸਫੇ ਦੀਆਂ ਕਦਰਾਂ-ਕੀਮਤਾਂ ਨਾਲ "ਵਿਸ਼ਵਾਸਘਾਤ" ਕਰਾਰ ਦਿੱਤਾ ਸੀ। ਗੁਜਰਾਤ ਰਾਜ ਦੇ ਸੂਰਤ ਦੀ ਇੱਕ ਅਦਾਲਤ ਨੇ ਪਿਛਲੇ ਹਫ਼ਤੇ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਉਂਦਿਆਂ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਉਸ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਲਈ ਅਯੋਗ ਕਰਾਰ ਦੇ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਅਹਿਮ ਖ਼ਬਰ, ਅਮਰੀਕਾ ਨੇ ਦਿੱਤੀ ਵੱਡੀ ਰਾਹਤ
ਖੰਨਾ ਨੇ ਹਾਲ ਹੀ ਵਿੱਚ ਟਵੀਟ ਕੀਤਾ, "ਰਾਹੁਲ ਗਾਂਧੀ ਨੂੰ ਸੰਸਦ ਤੋਂ ਬਾਹਰ ਕੱਢਣਾ ਗਾਂਧੀਵਾਦੀ ਫਲਸਫੇ ਅਤੇ ਭਾਰਤ ਦੀਆਂ ਡੂੰਘੀਆਂ ਕਦਰਾਂ ਕੀਮਤਾਂ ਨਾਲ ਡੂੰਘਾ ਵਿਸ਼ਵਾਸਘਾਤ ਹੈ।" ਭਾਰਤੀ-ਅਮਰੀਕੀ ਨੇਤਾ (46) ਨੇ ਕਿਹਾ, "ਮੇਰੇ ਨਾਨਾ ਜੀ ਨੇ ਜੇਲ੍ਹ ਵਿੱਚ ਸਾਲਾਂ ਦੀ ਕੁਰਬਾਨੀ ਇਸ ਲਈ ਨਹੀਂ ਦਿੱਤੀ ਸੀ।" ਰਾਹੁਲ ਗਾਂਧੀ ਦੇ ਸਮਰਥਨ ਵਿੱਚ ਕੀਤੇ ਗਏ ਉਨ੍ਹਾਂ ਦੇ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕਾਂ ਨੇ ਜ਼ਿਕਰ ਕੀਤਾ ਕਿ ਖੰਨਾ ਦੇ ਮਰਹੂਮ ਨਾਨਾ ਵਿਦਿਆਲੰਕਰ ਇੱਕ ਗਾਂਧੀਵਾਦੀ ਸਨ ਅਤੇ ਐਮਰਜੈਂਸੀ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਮਰਥਕ ਸਨ।
ਟਵਿੱਟਰ 'ਤੇ ਇੱਕ ਪੋਸਟ ਵਿੱਚ ਲਿਖਿਆ ਗਿਆ, "ਅਜਿਹਾ ਲੱਗਦਾ ਹੈ ਜਿਵੇਂ ਰੋ ਇਹ ਭੁੱਲ ਗਏ ਹਨ ਕਿ ਉਨ੍ਹਾਂ ਦੇ ਨਾਨਾ ਅਮਰਨਾਥ ਵਿਦਿਆਲੰਕਰ, ਜੋ ਕਾਂਗਰਸ ਦੇ ਇੱਕ ਵਫ਼ਾਦਾਰ ਮੈਂਬਰ ਸਨ, ਭਾਰਤ ਵਿੱਚ ਐਮਰਜੈਂਸੀ ਦੇ ਔਖੇ ਸਮੇਂ ਦੌਰਾਨ ਇੰਦਰਾ ਗਾਂਧੀ ਦੀ ਸਰਕਾਰ ਦਾ ਹਿੱਸਾ ਸਨ। ਉਨ੍ਹਾਂ ਨੇ ਐਮਰਜੈਂਸੀ ਦੌਰਾਨ ਭਾਰਤੀ ਲੋਕਾਂ 'ਤੇ ਹੋਏ ਅੱਤਿਆਚਾਰਾਂ ਦਾ ਵਿਰੋਧ ਨਹੀਂ ਕੀਤਾ ਸੀ।"
ਇਸ ਦੇ ਜਵਾਬ 'ਚ ਖੰਨਾ ਨੇ ਟਵੀਟ ਕੀਤਾ ਕਿ ਇਹ ਦੇਖ ਕੇ ਦੁੱਖ ਹੋਇਆ ਕਿ ਲੋਕ ਮੇਰੇ ਨਾਨਾ ਜੀ ਨੂੰ ਬਦਨਾਮ ਕਰ ਰਹੇ ਹਨ, ਜਿਨ੍ਹਾਂ ਨੇ ਲਾਲਾ ਲਾਜਪਤ ਰਾਏ ਨਾਲ ਕੰਮ ਕੀਤਾ ਸੀ, ਉਨ੍ਹਾਂ ਨੂੰ ਕਈ ਸਾਲ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਐਮਰਜੈਂਸੀ ਦਾ ਵਿਰੋਧ ਕਰਦੇ ਹੋਏ ਇੰਦਰਾ ਗਾਂਧੀ ਨੂੰ ਦੋ ਚਿੱਠੀਆਂ ਲਿਖੀਆਂ ਸਨ। ਉਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਸੰਸਦ ਦੀ ਮੈਂਬਰਸ਼ਿਪ ਛੱਡ ਦਿੱਤੀ ਸੀ। ਮੇਰੇ 'ਤੇ ਹਮਲਾ ਕਰੋ। ਭਾਰਤ ਦੇ ਆਜ਼ਾਦੀ ਘੁਲਾਟੀਆਂ 'ਤੇ ਹਮਲਾ ਨਾ ਕਰੋ। ਅਤੇ ਤੱਥ ਮਾਇਨੇ ਰੱਖਦੇ ਹਨ।" ਖੰਨਾ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਸਿਲੀਕਾਨ ਵੈਲੀ ਦੀ ਪ੍ਰਤੀਨਿਧਤਾ ਕਰਦੇ ਹਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।